ਅਕਸਰ ਪੁੱਛੇ ਜਾਂਦੇ ਸਵਾਲ ਅਤੇ ਉਹਨਾਂ ਦੇ ਜਵਾਬ

1. ਸਰਬੱਤ ਖ਼ਾਲਸਾ ਜਥੇਬੰਦੀ ਦੀ ਲੋੜ ਕਿਉਂ ਪਈ?

ਇਸ ਸਮੇਂ ਹਰ ਸੰਜੀਦਾ ਸਿੱਖ ਕਾਰਕੁੰਨ, ਸਿੱਖ ਸੰਸਥਾਂਵਾਂ ਉੱਤੇ ਰਾਜਸੀ ਗਲਬੇ ਕਾਰਨ ਆਏ ਨਿਘਾਰ ਤੋਂ ਚਿੰਤਤ ਹੈ ਅਤੇ ਇਸ ’ਚੋਂ ਨਿਕਲਣ ਲਈ ਯਤਨਸ਼ੀਲ ਹੈ। ਅੱਜ ਲੋੜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਧੀਨ ਪੰਚ-ਪ੍ਰਧਾਨੀ ਸੰਕਲਪ ਨੂੰ ਰੂਪਮਾਨ ਕਰਦੀ ਸਰਬੱਤ ਖ਼ਾਲਸਾ ਜਥੇਬੰਦੀ ਸੁਰਜੀਤ ਕਰਨ ਦੀ। ਇਹ ਕਿਸੇ ਖਾਸ ਦੇਸ਼-ਸਥਾਨ ਨਾਲ ਬੱਝੀ ਨਾ ਹੋਵੇ ਤਾਂਕਿ ਰਾਜਸੀ-ਪੁਜਾਰੀ ਗਠਜੋੜ ਇਸ ਸੰਸਥਾ ਤੇ ਕਾਬਜ਼ ਨਾ ਹੋ ਸਕੇ। ਅੱਜ ਸਿੱਖ ਪੂਰੀ ਦੁਨੀਆ ਵਿੱਚ ਵਸਦੇ ਹਨ ਅਤੇ ਸਰਬੱਤ ਖ਼ਾਲਸਾ ਜਥੇਬੰਦੀ ਉਸੇ ਨੂੰ ਕਿਹਾ ਜਾ ਸਕਦਾ ਹੈ ਜਿਸ ਨਾਲ ਦੁਨੀਆ ਭਰ ਦੇ ਗੁਰਸਿੱਖ ਜੁੜ ਸਕਣ। ਇਹਨਾ ਮਿਆਰਾਂ ਤੇ ਪੂਰੀ ਉਤਰਦੀ ਸੰਸਥਾ, ਆਪਣੇ ਕੌਮੀ ਮੱਸਲੇ ਆਪਣੇ ਹੱਥ ਲੈਕੇ ਆਪ ਉਹਨਾ ਦੇ ਹੱਲ ਕਰ ਸਕਦੀ ਹੈ। ਇਸੇ ਸੰਕਲਪ ਦੀ ਪੂਰਤੀ ਵਾਸਤੇ ਸਰਬੱਤ ਖ਼ਾਲਸਾ ਜਥੇਬੰਦੀ ਕੀ ਕਾਇਮੀ ਜ਼ਰੂਰੀ ਹੋ ਜਾਂਦੀ ਹੈ।

2. ਜਿਵੇਂ ਕਿ ਅਠਾਰ੍ਹਵੀਂ ਸਦੀ ਵੇਲੇ, ਸਰਬੱਤ ਖ਼ਾਲਸਾ ਨੂੰ ਕੇਵਲ ਪੰਥ ਤੇ ਭੀੜ ਪੈਣ ਤੇ ਹੀ ਸੱਦੇ ਜਾਣ ਦੀ ਪਰੰਪਰਾ ਸੀ?

ਅਠਾਰ੍ਹਵੀਂ ਸਦੀ ਵਿੱਚ ਸਿੱਖ ਮੁਖ ਤੌਰ ਤੇ ੧੨ ਮਿਸਲਾਂ ਵਿੱਚ ਵਿਚਰ ਰਹੇ ਸਨ। ਬਾਹਰੀ ਭੌਤਿਕ ਹਮਲਿਆਂ ਨੂੰ ਨਜਿੱਠਣ ਵਾਸਤੇ ਜਦ ੧੨ ਮਿਸਲਾਂ ਦੇ ਮੁੱਖੀ ਸਰਦਾਰ ਇਕੱਠੇ ਹੋ ਜਾਂਦੇ ਸਨ ਤਾਂ ਉਸ ਨੂੰ ਸਰਬੱਤ ਖ਼ਾਲਸਾ ਕਿਹਾ ਜਾਂਦਾ ਸੀ ਕਿਉਂਕਿ ਮਿਸਲਾਂ ਦਾ ਇੱਕਠ ਲਗਭਗ ਪੂਰੇ ਪੰਥ ਦੀ ਨੁਮਾਇੰਦਗੀ ਕਰਦਾ ਸੀ। ਅੱਜ ਸਿੱਖ ਨਾ ਤਾਂ ੧੨ ਮਿਸਲਾਂ ਵਿੱਚ ਵਿਚਰ ਰਹੇ ਹਨ ਅਤੇ ਨਾ ਹੀ ਕੇਵਲ ਪੰਜਾਬ ਤੱਕ ਹੀ ਸੀਮਤ ਹਨ। ਹੁਣ ਸਰਬੱਤ ਖ਼ਾਲਸਾ ਵਾਸਤੇ ਦੁਨੀਆ ਭਰ ਤੋਂ ਸਿੱਖਾਂ ਦੇ ਨੁਮਾਇੰਦਿਆਂ ਲਈ ਇੱਕ ਸਾਂਝਾ ਮੰਚ ਹੋਣਾਂ ਚਾਹੀਦਾ ਹੈ।
ਬਾਹਰੀ ਭੌਤਿਕ ਹਮਲਿਆਂ ਦੇ ਪ੍ਰਤੀਕਰਮ ਵਿੱਚ ਸਰਬੱਤ ਖ਼ਾਲਸਾ ਦਾ ਅਠਾਰ੍ਹਵੀਂ ਸਦੀ ਵੇਲੇ ਇੱਕਠੇ ਹੋਣਾ, ਮਾਣਮੱਤਾ ਇਤਿਹਾਸ ਹੈ, ਪਰ ਐਸਾ ਕੋਈ ਗੁਰਮਤਿ ਦਾ ਵਿਧੀ-ਵਿਧਾਨ ਨਹੀਂ ਕੀ ਕੇਵਲ ਭੀੜ ਪੈਣ ਤੇ ਹੀ ਇਕੱਠੇ ਹੋਇਆ ਜਾ ਸਕਦਾ ਹੈ। ਅੱਜ ਬਾਹਰੀ ਹਮਲਿਆਂ ਨਾਲੋਂ ਕਿਤੇ ਵੱਧ ਅੰਦਰੂਨੀ ਅਤੇ ਸਿਧਾਂਤਕ ਹਮਲੇ ਹੋ ਰਹੇ ਹਨ, ਜਿਨ੍ਹਾਂ ਨਾਲ ਨਜਿੱਠਣ ਲਈ ਜਥੇਬੰਦਕ ਰੂਪ ਵਿੱਚ ਨਿਰੰਤਰਤਾ ਕਾਇਮ ਕਰਨ ਦੀ ਲੋੜ ਹੈ।

3. ਸਰਬੱਤ ਖ਼ਾਲਸਾ ਵਾਸਤੇ ਪਿਛਲੇ ਸਮੇਂ ਵਿੱਚ ਵੀ ਉਪਰਾਲੇ ਹੋਏ ਹਨ, ਫਿਰ ਇਹ ਕਿਸ ਤਰਾਂ ਵੱਖ ਹੈ?

ਹੁਣ ਤੱਕ ਜੋ ਵੀ ਉਪਰਾਲੇ ਹੋਏ ਹਨ, ਇਹ ਸਭ ਬੁਨਿਆਦੀ ਤੌਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਦੇ ਇਤਿਹਾਸਕ ਸਥਾਨ ਦੀ ਅਜ਼ਾਦੀ ਨੂੰ ਮੁੱਖ ਰੱਖਕੇ ਕੀਤੇ ਹੋਏ ਯਤਨ ਹੀ ਜਾਪਦੇ ਹਨ। ਇਹ ਸਰਗਰਮੀ ਉਲਟਾ ਪੁਜਾਰੀ ਅਤੇ ਸਿਆਸਤਦਾਨ ਦੇ ਨਾਪਾਕ ਗਠਜੋੜ ਦੇ ਹੱਕ ਵਿੱਚ ਭੁਗਤਦੀ ਨਜ਼ਰ ਆਉਂਦੀ ਹੈ। ਇਸ ਨਾਲ ਇਹ ਧਾਰਨਾ ਬੱਝਦੀ ਲੱਗਦੀ ਹੈ ਕਿ ਜਿਸਦੇ ਕਬਜ਼ੇ ਵਿੱਚ ਸ੍ਰੀ ਅਕਾਲ ਤਖ਼ਤ ਦਾ ਜਥੇਬੰਦਕ ਇਤਿਹਾਸਕ ਸਥਾਨ ਹੈ, ਪੰਥ ਦੀ ਵਾਗਡੋਰ ਉਸੇ ਦੇ ਹੱਥ ਵਿੱਚ ਹੈ। ਸੱਤਾਧਾਰੀ ਧਿਰ ਲਈ ਕਿਸੇ 'ਸਥਾਨ' ਤੇ ਕਾਬਜ਼ ਹੋਣਾ ਹਮੇਸ਼ਾ ਹੀ ਸੌਖਾ ਹੁੰਦਾ ਹੈ। ਜ਼ਰੂਰਤ ਇਸ ਬਿਰਤਾਂਤ ਤੋਂ ਮੁਕਤ ਹੋਣ ਦੀ ਹੈ ਕਿਉਂਕਿ ਮੀਰੀ-ਪੀਰੀ ਦਾ ਸਿੱਖ ਸਿਧਾਂਤ ਕਿਸੇ ਦਾ ਗ਼ੁਲਾਮ ਨਹੀਂ।

4. ਕੀ ਸ੍ਰੀ ਅਕਾਲ ਤਖ਼ਤ ਅਤੇ ਮੀਰੀ-ਪੀਰੀ ਇੱਕੋ ਗੱਲ ਨਹੀਂ?

ਮੀਰੀ-ਪੀਰੀ ਗੁਰਮੱਤ ਦਾ 'ਸਿੱਧਾਂਤ' ਹੈ ਅਤੇ ਅਕਾਲ ਬੁੰਗਾ (ਅਕਾਲ ਤਖ਼ਤ) ਅਹਿਮ 'ਇਤਿਹਾਸਕ ਸਥਾਨ' ਹੈ। ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਵੱਲੋਂ ਅਕਾਲ ਬੁੰਗੇ ਦੇ ਨਿਰਮਾਣ ਨਾਲ ਮੀਰੀ-ਪੀਰੀ ਦੇ ਸਿਧਾਂਤ ਨੂੰ ਰੂਪਮਾਨ ਕੀਤਾ ਗਿਆ ਸੀ, ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਸੰਗਤ-ਪੰਗਤ ਨੂੰ ਕਰਤਾਰਪੁਰ ਵਿਖੇ ਰੂਪਮਾਨ ਕੀਤਾ ਸੀ ਅਤੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਨੂੰ ਅਨੰਦਪੁਰ ’ਚ ਪ੍ਰਗਟ ਕੀਤਾ ਸੀ। ਅਗਰ ਖੰਡੇ-ਬਾਟੇ ਦੀ ਪਾਹੁਲ ਦੀ ਦਾਤ ਲੈਣ ਲਈ ਅਨੰਦਪੁਰ ਵਿੱਚ ਹੋਣਾ ਲਾਜ਼ਮੀ ਨਹੀਂ ਅਤੇ ਸੰਗਤ-ਪੰਗਤ ਵਾਸਤੇ ਕਰਤਾਰਪੁਰ ਹੋਣਾ ਲਾਜ਼ਮੀ ਨਹੀਂ, ਇਸੇ ਤਰਾਂ ਮੀਰੀ-ਪੀਰੀ ਦੇ ਸਿਧਾਂਤ ਦੀ ਨਿਰੰਤਰਤਾ ਲਈ ਅਕਾਲ ਬੁੰਗੇ (ਅਕਾਲ ਤਖ਼ਤ) ਦਾ ਨਿਯੰਤਰਣ ਲਾਜ਼ਮੀ ਨਹੀਂ। ਸਾਨੂੰ ਇਹ ਵੀ ਨਹੀਂ ਭੁਲਣਾਂ ਚਾਹੀਦਾ ਕਿ ਅਕਾਲ ਬੁੰਗੇ ਉੱਤੇ ਗੁਰੂ ਸਾਹਿਬ ਦੇ ਸਮੇਂ ਹੀ ਸਿੱਖ-ਵਿਰੋਧੀ ਤਾਕਤਾਂ ਦਾ ਕਬਜ਼ਾ ਇਸ ਹੱਦ ਤੱਕ ਹੋ ਚੁੱਕਾ ਸੀ ਕਿ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਦਰਬਾਰ ਸਾਹਿਬ ਨਹੀਂ ਜਾਣ ਦਿੱਤਾ ਗਿਆ। ਪਰ ਗੁਰੂ ਸਾਹਿਬ ਨੇ ਸਿੱਖ ਸ਼ਕਤੀ ਅਕਾਲ ਬੁੰਗੇ ਨੂੰ ਆਜ਼ਾਦ ਕਰਵਾਉਣ ਲਈ ਨਹੀਂ ਵਰਤੀ। ਸਾਨੂੰ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਸੇਧ ਲੈਕੇ ਮੀਰੀ-ਪੀਰੀ ਦੇ ਸਿਧਾਂਤ ਦੀ ਸੰਭਾਲ ਕਰਨੀ ਬਣਦੀ ਹੈ ਜੋ ਸਥਾਨ ਤੋਂ ਮੁਕਤ ਹੈ। ਇਸ ਅਤਿ ਜ਼ਰੂਰੀ ਨੁਕਤੇ ਨੂੰ ਅਮਲ ਵਿੱਚ ਲਿਆਏ ਬਗੈਰ ਸਿੱਖ-ਪੰਥ, ਧਾਰਮਕ ਖੁਦ-ਮੁਖਤਿਆਰੀ ਹਾਸਲ ਨਹੀਂ ਕਰ ਪਾਏਗਾ। ਇਸੇ ਕਰਕੇ ਸਰਬੱਤ ਖ਼ਾਲਸਾ ਜਥੇਬੰਦੀ ਨੂੰ 'ਕਿਸੇ ਖਾਸ ਦੇਸ਼-ਸਥਾਨ ਨਾਲ ਬੱਝੇ ਬਿਨਾ' ਰੱਖਣ ਦਾ ਮੰਤਵ ਰੱਖਿਆ ਗਿਆ ਹੈ।

5. ਜੇਕਰ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਦਾ ਟੀਚਾ ਨਹੀਂ ਰੱਖਿਆ ਜਾਂਦਾ ਫ਼ਿਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਚੰਗੇ ਗੁਰਸਿੱਖ ਵੀਰਾਂ-ਭੈਣਾਂ ਕੋਲ ਕਿਵੇਂ ਆਵੇਗੀ?

ਇਹ ਹਰ ਸੁਹਿਰਦ ਸਿੱਖ ਦੀ ਇੱਛਾ ਹੋਣੀ ਚਾਹੀਦੀ ਹੈ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ 'ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥' ਵਾਲੇ ਗੁਰਸਿੱਖ ਵੀਰਾਂ-ਭੈਣਾਂ ਦੇ ਕੋਲ ਹੀ ਹੋਵੇ। ਲੇਕਿਨ 'ਸਥਾਨ' ਅਤੇ 'ਸਿਧਾਂਤ' ਨੂੰ ਇੱਕ ਸਮਝਣਾ ਗੁਰਮਤਿ ਅਨੁਸਾਰ ਨਾ ਹੋਕੇ ਪੰਥ-ਵਿਰੋਧੀ ਤਾਕਤਾਂ ਦੇ ਹੱਕ ਵਿੱਚ ਜਾਂਦਾ ਹੈ ਕਿਉਂਕਿ ਸਥਾਨ ਤੇ ਰਾਜਸੀ ਦਖਲਅੰਦਾਜ਼ੀ ਨਾਲ ਹਮੇਸ਼ਾਂ ਹੀ ਆਸਾਨੀ ਨਾਲ ਕਾਬਜ਼ ਹੋਇਆ ਜਾਂਦਾ ਰਿਹਾ ਹੈ। ਸਿੱਖ ਇਤਿਹਾਸ ਇਸਦਾ ਗਵਾਹ ਹੈ। ਜਦੋਂ ਤੋਂ ਛੇਵੇਂ ਪਾਤਿਸ਼ਾਹ ਨੇ ਅੰਮ੍ਰਿਤਸਰ ਛੱਡਿਆ, ਉਦੋਂ ਤੋਂ ਲੈਕੇ ਹੁਣ ਤਕ ਦਰਬਾਰ ਸਾਹਿਬ ਜਾਂ ਅਕਾਲ ਤਖ਼ਤ ਸਾਹਿਬ ਬਹੁਤ ਥੋੜਾ ਸਮਾਂ ਹੀ ਭਲੇ ਗੁਰਸਿੱਖਾਂ ਦੇ ਨਿਯੰਤਰਨ ਵਿੱਚ ਰਿਹਾ ਹੈ। ਸੱਤਵੇਂ ਪਾਤਿਸ਼ਾਹ ਤੋਂ ਦਸਵੇਂ ਪਾਤਿਸ਼ਾਹ ਦੇ ਸਮੇਂ ਵੀ ਇਹ ਸਥਾਨ ਗੁਰੂ-ਦੋਖੀਆਂ ਦੇ ਕਬਜ਼ੇ ਵਿੱਚ ਹੀ ਰਿਹਾ ਪਰ ਕਿਸੇ ਗੁਰੂ ਸਾਹਿਬ ਨੇ ਅਕਾਲ ਬੁੰਗਾ ਆਜ਼ਾਦ ਕਰਵਾਉਣ ਦੀ ਮੁਹਿੰਮ ਨਹੀਂ ਵਿੱਢੀ ਕਿਉਂਕਿ ਉਹਨਾਂ ਸਾਨੂੰ ਸਿਧਾਂਤ ਅਤੇ ਸਥਾਨ ਨੂੰ ਵੱਖੋ-ਵੱਖ ਕਰਕੇ ਜਿਊਣਾਂ ਦੱਸਿਆ।
ਜੇਕਰ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਚੰਗੇ ਗੁਰਸਿੱਖਾਂ ਕੋਲ ਆ ਵੀ ਜਾਂਦੀ ਹੈ ਤਾਂ ਇਹ ਸਾਨੂੰ ਮੰਨ ਕੇ ਚੱਲਣਾ ਚਾਹਿਦਾ ਹੈ ਕਿ ਇਹ ਸਥਿਤੀ ਕੋਈ ਸਥਾਈ ਨਹੀਂ ਰਹੇਗੀ। ਰਾਜਨੀਤਕ ਉਥਲ-ਪੁਥਲ ਨਾਲ ਇਸਦਾ ਸਿੱਧਾ ਸੰਬੰਧ ਹੈ ਜੋ ਨਿਰੰਤਰ ਹੁੰਦੀ ਰਹਿੰਦੀ ਹੈ। ਇਸ ਕਰਕੇ ਸਰਬੱਤ ਖ਼ਾਲਸਾ ਜਥੇਬੰਦੀ ਦੇਸ਼-ਸਥਾਨ ਤੋਂ ਮੁਕਤ ਹੋਵੇ। ਇਸਦਾ ਇਹ ਨਤੀਜਾ ਹੋਵੇਗਾ ਕਿ ਜਿਵੇਂ ਹੀ ਅਨੁਕੂਲ ਪਰਿਸਥਿਤੀ ਹੋਵੇਗੀ, ਸਰਬੱਤ ਖ਼ਾਲਸਾ ਜਥੇਬੰਦੀ ਚੰਗੇ ਗੁਰਸਿੱਖ ਵੀਰਾਂ-ਭੈਣਾਂ ਨੂੰ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਨਿਯੁਕਤ ਕਰ ਸਕੇਗੀ। ਪਰ ਪ੍ਰਤਿਕੂਲ ਹਾਲਾਤਾਂ ਵਿੱਚ ਜੇਕਰ ਗੁਰਦੁਆਰਿਆਂ ਦਾ ਨਿਯੰਤਰਨ ਗੁਰਮਤਿ ਵਿਰੋਧੀ ਤਾਕਤਾਂ ਕੋਲ ਆ ਜਾਵੇ ਤਾਂ ਅਜਿਹੀ ਸਥਿਤੀ ਵਿੱਚ ਸਰਬੱਤ ਖ਼ਾਲਸਾ ਜਥੇਬੰਦੀ ਕਾਇਮ ਰਹੇਗੀ ਜੋ ਸਿਧਾਂਤ ਵਿੱਚ ਪਰਿਪਕਤਾ ਨੂੰ ਉਸੇ ਤਰਾਂ ਪਹਿਲ ਦੇਵੇਗੀ ਜਿਵੇਂ ਗੁਰੂ ਸਾਹਿਬਾਨ ਨੇ ਕਿਸੇ ਸਥਾਨ ਨਾਲ ਬੱਝੇ ਬਿਨਾਂ ਸਾਡੇ ਲਈ ਪੂਰਨੇ ਪਾਏ ਹਨ।

6. ਸਰਬੱਤ ਖ਼ਾਲਸਾ ਤਾਂ ਕੌਮੀ ਚੇਤਨਾ ਦਾ ਸੰਕਲਪ ਹੈ, ਇਹ ਜਥੇਬੰਦੀ ਕਿਵੇਂ ਹੋ ਸਕਦੀ ਹੈ?

ਜਿਸ ਸੰਕਲਪ ਨੂੰ ਜ਼ਮੀਨ ਤੇ ਲਾਗੂ ਨਾ ਕੀਤਾ ਜਾ ਸਕਦਾ ਹੋਵੇ ਉਸਨੂੰ ਖ਼ਿਆਲੀ ਫ਼ਲਸਫ਼ਾ ਕਹਿੰਦੇ ਹਨ। ਸਰਬੱਤ ਖ਼ਾਲਸਾ ਕੋਈ ਖ਼ਿਆਲੀ ਫ਼ਲਸਫ਼ਾ ਨਹੀਂ, ਇਹ ਸਿੱਖ ਮਾਨਸਿਕਤਾ ਦਾ ਉਹ ਸੰਕਲਪ ਹੈ ਜਿਸ ਨੂੰ ਸਮੇਂ-ਸਮੇਂ ਸਿਰ ਸੁਰਜੀਤ ਕਰਨ ਦੀਆਂ ਵਿਚਾਰਾਂ ਹੁੰਦੀਆਂ ਰਹਿੰਦੀਆਂ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਸਿੱਖ-ਸੰਗਤ, ਸਰਬੱਤ ਖ਼ਾਲਸਾ ਨੂੰ ਰੂਪਮਾਨ ਹੁੰਦਾ ਦੇਖਣਾ ਚਾਹੁੰਦੀ ਹੈ। ਜਦ ਤੱਕ ਇਹ ਨਹੀਂ ਹੋ ਜਾਂਦਾ ਇਸ ਨੂੰ ਸੁਰਜੀਤ ਕਰਨ ਦੇ ਉਪਰਾਲੇ ਵੀ ਹੁੰਦੇ ਰਹਿਣਗੇ। ਹੁਣ ਤੱਕ ਕੌਮੀ ਚੇਤਨਾ ਨੂੰ ਜ਼ਮੀਨੀ ਮਾਡਲ ਨਾ ਮਿਲਣ ਕਾਰਨ ਇਹ ਸਵਾਰਥੀ ਲੀਡਰਾਂ ਦੇ ਹੱਥਾਂ ਤੇ ਚੱੜ੍ਹਦੀ ਆਈ ਹੈ। ਜੇਕਰ ਗੁਰਮਤਿ ਦੇ ਚਾਨਣ ਵਿੱਚ ਇਸਨੂੰ ਜਥੇਬੰਦਕ ਢਾਂਚੇ ਦਾ ਸਰੂਪ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦਾ ਬ੍ਰਾਹਮਣਵਾਦੀ ਹੱਥਾਂ ਵਿੱਚ ਆ ਜਾਣ ਦਾ ਖਦਸ਼ਾ ਹੋਰ ਵੀ ਵੱਧ ਜਾਵੇਗਾ।

7. ਪਿਛਲੇ ਕੁਝ ਸਮੇਂ ਵਿੱਚ ਸਰਬੱਤ ਖ਼ਾਲਸਾ ਦੇ ਨਾਮ ਹੇਠ ਜੋ ਪ੍ਰਭਾਵਸ਼ਾਲੀ ਇਕੱਠ ਹੋਏ ਹਨ, ਉਹਨਾ ਵਿੱਚੋਂ ਕੋਈ ਰਸਤਾ ਕਿਉਂ ਨਾ ਨਿਕਲ ਸੱਕਿਆ?

ਪਿਛਲੇ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵੱਜੋਂ ਚੱਬੇ ਦੀ ਧਰਤੀ ਤੇ ਲੱਖਾਂ ਦਾ ਇੱਕਠ ਹੋਇਆ ਸੀ ਜਿਸਨੂੰ ਸਰਬੱਤ ਖ਼ਾਲਸਾ ਕਿਹਾ ਗਿਆ। ਸਿੱਖ-ਸੰਗਤ ਦੀਆਂ ਕੋਮਲ ਭਾਵਨਾਵਾਂ ਦਾ ਲਾਹਾ ਚੁੱਕਦੇ ਹੋਏ, ਇਸ ਤਰਾਂ ਦੇ ਇੱਕਠ ਹੁੰਦੇ ਰਹਿਣਗੇ। ਸਭ ਤੋਂ ਪਹਿਲੀ ਅਤੇ ਵੱਡੀ ਗੱਲ ਤਾਂ ਇਹ ਹੈ ਕਿ ਪੰਥਕ ਹਿੱਤਾਂ ਲਈ ਕੋਈ ਠੋਸ ਫੈਸਲੇ ਲੈਣ ਦੀ ਬਜਾਏ ਅਜਿਹੇ ਇਕੱਠਾਂ ਨੂੰ ਕੇਵਲ ਅਕਾਲ ਤਖ਼ਤ ਦਾ ਜਥੇਦਾਰ ਚੁਣਨ ਵੱਲ ਮੋੜ ਕੇ ਦਿਸ਼ਾਹੀਣ ਕਰ ਦਿੱਤਾ ਜਾਂਦਾ ਹੈ। ਦੂਜਾ, ਜਿਹੜੇ ਲੀਡਰ ਸਟੇਜ ਤੇ ਕਾਬਜ਼ ਹੋ ਜਾਂਦੇ ਨੇ ਉਹਨਾ ਨੂੰ ਲੱਖਾਂ ਦੇ ਇੱਕਠ ਨੇ ਨਹੀਂ ਚੁਣਿਆ ਹੁੰਦਾ। ਇਹ ਲੀਡਰ ਬਿਨਾ ਪਾਰਦਰਸ਼ਤਾ ਦੇ 'ਗੁਰਮੱਤਾ' ਪਕਾ ਲੈਂਦੇ ਹਨ ਅਤੇ ਲੱਖਾਂ ਦੇ ਇੱਕਠ ਤੋਂ ਹੱਥ ਖੜੇ ਕਰਵਾਕੇ 'ਗੁਰਮੱਤੇ' ਦੀ ਪ੍ਰਵਾਨਗੀ ਲੈ ਲਈ ਜਾਂਦੀ ਹੈ। ਇਸ ਉਪਰੰਤ ਨਿਰੰਤਰਤਾ ਵਾਸਤੇ ਕੁਝ ਵੀ ਨਹੀਂ ਹੁੰਦਾ। ਸਰਬੱਤ ਖ਼ਾਲਸਾ ਉਸੇ ਨੂੰ ਕਿਹਾ ਜਾ ਸਕਦਾ ਹੈ ਜਿਸਦੇ ਆਗੂਆਂ ਨੂੰ ਸੰਗਤ ਨੇ ਪਾਰਦਰਸ਼ੀ ਵਿਧਾਨ ਅਧੀਨ ਚੁਣਿਆ ਹੋਵੇ ਅਤੇ ਜੋ ਦੁਨੀਆਂ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰਦੇ ਹੋਣ। ਇਸ ਵਿੱਚ ਨਿਰੰਤਰਤਾ ਤਾਂ ਹੀ ਆ ਸਕਦੀ ਹੈ ਜੇਕਰ ਇਸ ਨੂੰ ਕੋਈ ਜਥੇਬੰਦਕ ਰੂਪ ਦਿੱਤਾ ਜਾਵੇ।

8. ਕੀ ਸਿੱਖ ਧਰਮ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਦਾ ਹੁਕਮਨਾਮਾ ਸਿਰਮੌਰ ਨਹੀਂ?

ਸਿੱਖਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਸਿਰਮੌਰ ਹਨ। ‘ਹੁਕਮਨਾਮਾ’ ਗੁਰੂ ਲਈ ਰਾਖਵਾਂ ਹੈ, ਇਸ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਅਥਵਾ ਗੁਰਮਤਿ ਦੀ ਰੌਸ਼ਨੀ ਵਿੱਚ ਬਣੀ ਸਿੱਖਾਂ ਦੀ ਆਮ ਰਾਇ ਜਾਂ ਮਤੇ ਨੂੰ ਪੰਥਕ-ਮਤਾ ਕਿਹਾ ਜਾ ਸਕਦਾ ਹੈ। ਸਿੱਖ ਸਿਧਾਂਤ ਦੀ ਰਾਖੀ ਵਾਸਤੇ ਪੰਚ-ਪ੍ਰਧਾਨੀ ਸੰਕਲਪ ਅਧੀਨ ਹੱਲ ਲੱਭਣਾ ਚਾਹੀਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਪੰਚ-ਪ੍ਰਧਾਨੀ ਸੰਕਲਪ ਨੂੰ ਪੰਜ ਪਿਆਰਿਆਂ ਵੱਜੋਂ ਰੂਪਮਾਨ ਕੀਤਾ ਸੀ। ਸਾਨੂੰ ਇਸੇ ਤੋਂ ਸੇਧ ਲੈਣੀ ਚਾਹੀਦੀ ਹੈ। ਪੰਜੇ ਪਿਆਰੇ ਬਰਾਬਰ ਹਨ, ਈਸਾਈਆਂ ਦੇ ਪੋਪ ਦੀ ਨਕਲ ਵਿੱਚ ਕਿਸੇ ਇੱਕ ਨੂੰ 'ਅਕਾਲ ਤਖ਼ਤ ਦਾ ਜਥੇਦਾਰ' ਨਿਯੁਕਤ ਕੀਤਾ ਜਾਣਾ ਪੰਜ ਪਿਆਰਿਆਂ ਦੀ ਸੰਸਥਾ ਨੂੰ ਬੇਅਰਥ ਬਣਾ ਦਿੰਦਾ ਹੈ ਅਤੇ ਗੁਰੂ ਦੀ ਬਰਾਬਰੀ ਕਰਨ ਤੁੱਲ ਹੋ ਜਾਂਦਾ ਹੈ।

9. ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਜੋ 'ਹੁਕਮਨਾਮਾ' ਸੁਣਾਇਆ ਜਾਂਦਾ ਹੈ ਉਹ ਵੀ ਤਾਂ ਪੰਜ ਪਿਆਰੇ ਰਲ਼ ਕੇ ਹੀ ਪੜ੍ਹਦੇ ਹਨ, ਫ਼ਿਰ ਇਸ ਵਿੱਚ ਕੀ ਗਲਤ ਹੈ?

ਇਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ਕਿ ਅਜਕਲ ਤਖ਼ਤਾਂ ਤੇ ਬਿਠਾਏ ਜਥੇਦਾਰ ਸਿਆਸੀ ਆਗੂਆਂ ਦੀ ਮਰਜ਼ੀ ਨਾਲ ਚੁਣੇ ਜਾਂਦੇ ਹਨ। ਉਹਨਾ ਨੂੰ ਸਿੱਖ ਸੰਗਤ ਵੱਲੋਂ ਨਹੀਂ ਚੁਣਿਆ ਜਾਂਦਾ ਅਤੇ ਨਾ ਹੀ ਐਸਾ ਕੋਈ ਵਿਧਾਨ ਹੈ। ਸਿੱਖ ਸੰਗਤ ਦੇ ਮਨਾਂ ਵਿੱਚ ਪੰਜ ਪਿਆਰਿਆਂ ਪ੍ਰਤੀ ਸਤਕਾਰ ਨੂੰ ਸਿਆਸੀ-ਪੁਜਾਰੀ ਗਠਜੋੜ ਵੱਲੋਂ ਆਪਣੇਂ ਹਿੱਤਾਂ ਲਈ ਵਰਤਿਆ ਜਾਂਦਾ ਹੈ। ਇਹ ਪੰਜ ਜਥੇਦਾਰ ਕਿਸੇ ਤਰਾਂ ਵੀ ਪੰਚ-ਪ੍ਰਧਾਨੀ ਸੰਕਲਪ ਨੂੰ ਰੂਪਮਾਨ ਨਹੀਂ ਕਰਦੇ।

10. ਅੰਤਰਰਾਸ਼ਟਰੀ ਪੱਧਰ ਤੇ ਕਈ ਸਿੱਖ ਸੰਸਥਾਵਾਂ ਹਨ ਜੋ ਚੰਗਾ ਕੰਮ ਕਰ ਰਹੀਆਂ ਹਨ, ਕੀ ਉਹ ਖੁਦ ਨੂੰ ਸਰਬੱਤ ਖ਼ਾਲਸਾ ਕਹਿ ਸਕਦੀਆਂ ਹਨ?

ਅੰਤਰਰਾਸ਼ਟਰੀ ਪੱਧਰ ਤੇ ਹੋਣਾ ਇੱਕ ਵਿਸ਼ੇਸ਼ਤਾ ਹੈ, ਸਰਬੱਤ ਖ਼ਾਲਸਾ ਜਥੇਬੰਦੀ ਉਸੇ ਨੂੰ ਕਿਹਾ ਜਾ ਸਕਦਾ ਹੈ ਜਿਸ ਦਾ ਦੁਨੀਆਂ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲ਼ਾ ਪਾਰਦਰਸ਼ੀ ਵਿਧਾਨ ਹੋਵੇ, ਪੰਚ ਪ੍ਰਧਾਨੀ ਸੰਕਲਪ ਨੂੰ ਰੂਪਮਾਨ ਕਰੇ, ਅਤੇ ਜੋ ਖੁਦਮੁਖਤਿਆਰ ਹੋਵੇ।

11. ਅਗਰ ਸਰਬੱਤ ਖ਼ਾਲਸਾ ਦੇ ਨਾਮ ਤੇ ਹੋਰ ਜਥੇਬੰਦੀਆਂ ਬਣ ਜਾਣ ਤਾਂ ਸਿੱਖ-ਸੰਗਤ ਕਿਵੇਂ ਸਹੀ-ਗਲਤ ਦੀ ਪਛਾਣ ਕਰੇ?

ਸਿੱਖ ਸੰਗਤ ਨੂੰ ਪਾਰਦਰਸ਼ਤਾ ਦੇ ਮਿਆਰ ਤੇ ਪਰਖਣਾ ਚਾਹੀਦਾ ਹੈ। ਸਿੱਖ ਸੰਗਤ ਨੂੰ ਪਰਖਣਾ ਚਾਹੀਦਾ ਹੈ ਕਿ ਕੀ ਸਰਬੱਤ ਖ਼ਾਲਸਾ ਵਾਸਤੇ ਦੁਨੀਆਂ ਭਰ ਤੋਂ ਸਿੱਖਾਂ ਦੇ ਪ੍ਰਤੀਨਿਧੀਆਂ ਦੇ ਆਪਸ ਵਿੱਚ ਜੁੜਨ ਦਾ ਵਿਧਾਨ ਹੈ? ਕੀ ਗੁਰਮਤਿ ਅਨੁਸਾਰ ਪੰਚ-ਪ੍ਰਧਾਨੀ ਸੰਕਲਪ ਨੂੰ ਰੂਪਮਾਨ ਕਰਨ ਦਾ ਵਿਧਾਨ ਹੈ? ਕੀ ਵੱਖ-ਵੱਖ ਵਿਚਾਰਧਾਰਾਵਾਂ ਨੂੰ ਇੱਕ ਮੰਚ ਤੇ ਜੋੜਨ ਲਈ ਕੋਈ ਸਿਧਾਂਤਕ ਸਾਂਝ ਹੈ? ਕੀ ਸੰਸਥਾ ਖੁਦਮੁਖਤਿਆਰ ਹੈ? ਇਨ੍ਹਾਂ ਮਿਆਰਾਂ ਦੀ ਪਰਖ ਨਾਲ ਸਹੀ-ਗਲਤ ਦੀ ਪਛਾਣ ਹੋ ਸਕਦੀ ਹੈ।

12. ਸਰਬੱਤ ਖ਼ਾਲਸਾ ਜਥੇਬੰਦੀ ਪੰਚ-ਪ੍ਰਧਾਨੀ ਸੰਕਲਪ ਨੂੰ ਕਿਸ ਤਰਾਂ ਰੂਪਮਾਨ ਕਰਦੀ ਹੈ?

ਸਰਬੱਤ ਖ਼ਾਲਸਾ ਜਥੇਬੰਦੀ ਨੂੰ ਚਾਰ ਥੰਮ੍ਹਾਂ ਦੇ ਅਧਾਰ ਦੇ ਉਸਾਰਿਆ ਗਿਆ ਹੈ: ੧) ਸਿਧਾਂਤ ਵਿੱਚ ਪਰਪੱਕਤਾ, ੨) ਸਾਰੇ ਸੰਸਾਰ ਵਿੱਚ ਵੱਸਦੀ ਸਿੱਖ ਸੰਗਤ ਦੀ ਨੁਮਾਇੰਦਗੀ, ੩) ਵਿਧਾਨ ਅਤੇ ਕਾਰਵਾਈ ਵਿੱਚ ਪਾਰਦਰਸ਼ਤਾ, ੪) ਉਪਰ ਲਿੱਖੇ ਤਿੰਨ ਨੁਕਤਿਆਂ ਦੀ ਮਜ਼ਬੂਤੀ ਲਈ ਨਿਰੰਤਰ ਸੁਧਾਰ।
ਇਹਨਾ ਮਿਆਰਾਂ ਰਾਹੀਂ ਪ੍ਰਗਟ ਹੋਈ ਸਰਬੱਤ ਖ਼ਾਲਸਾ ਜਥੇਬੰਦੀ ਦੇ ਨੁਮਾਇੰਦਿਆਂ ਵਿੱਚੋਂ ਹੀ ਪੰਜ ਪਿਆਰੇ ਹੋਣਗੇ। ਪੰਜੇ ਪਿਆਰੇ ਬਰਾਬਰ ਹਨ।

13. ਪੰਜ ਪਿਆਰਿਆਂ ਦਾ ਕਾਰਜ ਖੇਤਰ ਕੀ ਹੋਵੇਗਾ?

ਪੰਜ ਪਿਆਰਿਆਂ ਦਾ ਕਾਰਜ-ਖੇਤਰ, ਪੰਥਕ ਮਸਲਿਆਂ ਉੱਤੇ ਸਹਿਮਤੀ ਬਨਾਉਣੀ ਅਤੇ ਨਿਰਮਾਣ-ਸਹਾਇਕ ਵੱਜੋਂ ਕਾਰਜਸ਼ੀਲ ਹੋਣਾਂ ਹੈ। ਆਮ ਸਹਿਮਤੀ ਲਈ ਪੰਜ ਪਿਆਰੇ ਸਰਬੱਤ ਖ਼ਾਲਸਾ ਦੇ ਨੁਮਾਇੰਦਿਆਂ ਵਿੱਚੋਂ ਹੀ ਵਿਸ਼ਾ-ਮਾਹਰਾਂ ਦੀ ਕਮੇਟੀ ਬਣਾਉਣਗੇ ਅਤੇ ਇਸ ਕਮੇਟੀ ਦੀ ਸਲਾਹ ਨਾਲ ਸੰਗਤ ਨੂੰ ਪੰਥਕ-ਮਤਾ ਸੁਣਾਉਣਗੇ। ਹੁਕਮਨਾਮੇ ਜਾਂ ਪੰਥ ਵਿੱਚੋਂ ਛੇਕ ਦੇਣ ਆਦਿ ਵਾਲ਼ੇ ਫ਼ਤਵੇ ਸੁਣਾਉਣ ਦਾ ਅਧਿਕਾਰ ਕਿਸੇ ਕੋਲ ਨਹੀਂ ਹੋਣਾ ਚਾਹੀਦਾ। ਪੰਥਕ-ਮੱਤੇ ਲਈ ਪ੍ਰਕਿਰਿਆ ਦੀ ਤਰਤੀਬ ਵਿਧਾਨ ਦੀ ਧਾਰਾ ੫ ਵਿੱਚ ਅੰਕਿਤ ਹੈ।

14. ਸੰਸਾਰ ਭਰ ਦੇ ਸਿੱਖ, ਸਰਬੱਤ ਖ਼ਾਲਸਾ ਜਥੇਬੰਦੀ ਲਈ ਆਪਣੇ ਨੁਮਾਇੰਦੇ ਕਿਵੇਂ ਭੇਜ ਸਕਦੇ ਹਨ?

ਵਿਧਾਨ ਦੀ ਧਾਰਾ ੩ ਅਨੁਸਾਰ ਸਰਬੱਤ ਖ਼ਾਲਸਾ ਜਥੇਬੰਦੀ ਨਾਲ ਨਾਮਜ਼ਦਗੀਆਂ ਹੇਠ ਲਿਖੇ ਦੋ ਤਰੀਕਿਆਂ ਨਾਲ ਕੀਤੀਆਂ ਜਾ ਸਕਦੀਆਂ ਹਨ: i. ਪਹਿਲਾਂ ਸਿੱਖ ਸੰਸਥਾਵਾਂ ਖੁਦ ਨੂੰ ਔਨਲਾਈਨ ਫਾਰਮ ਭਰ ਕੇ ਰਜਿਸਟਰ ਕਰਵਾਉਂਦੀਆਂ ਹਨ। ਰਜਿਸਟਰ ਹੋ ਚੁੱਕੀਆਂ ਸਿੱਖ ਸੰਸਥਾਵਾਂ ਸਰਬੱਤ ਖਾਲਸਾ ਪੰਚਾਇਤ ਲਈ ਆਪਣੇ ਨੁਮਾਇੰਦਿਆਂ ਦੀਆਂ ਵੱਧ ਤੋਂ ਵੱਧ ਦੋ ਨਾਮਜ਼ਦਗੀਆਂ ਭੇਜ ਸਕਦੀਆਂ ਹਨ।
ii. ਉਹ ਵਿਅਕਤੀ ਜਿਨ੍ਹਾਂ ਨੂੰ ਕਿਸੇ ਸਿੱਖ ਸੰਸਥਾ ਦੁਆਰਾ ਨਾਮਜ਼ਦ ਨਹੀਂ ਕੀਤਾ ਗਿਆ ਪਰ ਉਹਨਾ ਨੇ ਸਿੱਖ ਸਮਾਜ ਲਈ ਉਘਾ ਯੋਗਦਾਨ ਪਾਇਆ ਹੈ, ਨੂੰ ਸਰਬੱਤ ਖ਼ਾਲਸਾ ਪੰਚਾਇਤ ਲਈ ਨਾਮਜ਼ਦ ਕਰਨ ਵਾਸਤੇ [email protected] ਤੇ ਈ-ਮੇਲ ਰਾਹੀਂ ਲਿਖਤੀ ਬੇਨਤੀ ਭੇਜੀ ਜਾ ਸਕਦੀ ਹੈ।

15. ਸਿੱਖ ਸਮਾਜ ਵਿੱਚ ਵੱਡੇ ਮਤਭੇਦ ਹਨ। ਐਸੇ ਮਾਹੌਲ ਵਿੱਚ ਇੱਕ ਮੰਚ ਤੇ ਸਭ ਨੂੰ ਕਿਵੇਂ ਇਕੱਠਾ ਕੀਤਾ ਜਾ ਸਕਦਾ ਹੈ?

ਸਰਬੱਤ ਖ਼ਾਲਸਾ ਜਥੇਬੰਦੀ ਦਾ ਪਹਿਲਾ ਥੰਮ੍ਹ ਹੈ ਕਿ ਇਹ ਵੱਧ ਤੋਂ ਵੱਧ ਸਿਧਾਂਤਕ ਸਾਂਝ ਦੇ ਅਧੀਨ ਇਕੱਠੇ ਹੋਏ ਸਿੱਖਾਂ ਦਾ ਸਾਂਝਾ ਮੰਚ ਹੈ। ਸਾਨੂੰ ਵੱਧ ਤੋਂ ਵੱਧ ਵਿਚਾਰਧਾਰਕ ਸਾਂਝ ਤੇ ਸਹਿਮਤੀ ਬਣਾਉਣੀ ਪਵੇਗੀ ਜੋ ਬਿਨਾ ਕਿਸੇ ਸਿਧਾਂਤਕ ਸਮਝੌਤੇ ਦੇ ਸਿੱਖ ਪੰਥ ਦੀ ਨੁਮਾਇੰਦਗੀ ਕਰੇ। ਇਹ ਸਾਂਝ ਹੇਠ ਲਿਖੇ ਨੁਕਤਿਆਂ ਤੇ ਬਣ ਸਕਦੀ ਹੈ:
i. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਪੂਰੇ ਗੁਰੂ ਹਨ:
ਸਿੱਖ ਸਮਾਜ ਵਿੱਚ ਰਾਗਮਾਲਾ ਜਾਂ ਦਸਮ ਗ੍ਰੰਥ ਤੇ ਮਤਭੇਦ ਹੋ ਸਕਦੇ ਹਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਤੇ ਤਾਂ ਪੂਰਨ ਸਹਿਮਤੀ ਹੈ। ਇਸ ਕਾਰਣ ਇਹਦੇ ਤੋਂ ਘੱਟ ਕੋਈ ਸਿਧਾਂਤਕ ਸਮਝੌਤਾ ਨਹੀਂ ਹੋ ਸਕਦਾ ਅਤੇ ਵੱਧ ਨਾਲ ਜਥੇਬੰਦਕ ਤੇ ਵਿਚਾਰਧਾਰਕ ਸਾਂਝ ਬਣ ਸਕਣੀ ਅਸੰਭਵ ਜਾਪਦੀ ਹੈ।
ii. ਸ੍ਰੀ ਗੁਰੂ ਨਾਨਕ ਜੀ ਦੇ ਦਸ ਜਾਮਿਆਂ ਦੀ ਨਿਰੰਤਰਤਾ ਵਿੱਚ ਨਿਸ਼ਚਾ:
ਗਿਣਤੀ ਵੱਜੋਂ ਗੁਰੂ-ਜਾਮੇ ਭਾਵੇਂ ਦਸ ਹੋਏ ਹਨ, ਪਰ ਉਨ੍ਹਾਂ ਵਿੱਚ ਜੋਤ ਰੂਪ ਵਿਚਾਰਧਾਰਾ ਇੱਕ ਗੁਰੂ ਨਾਨਕ ਸਾਹਿਬ ਜੀ ਦੀ ਹੀ ਸੀ। ਗੁਰੂ ਨਾਨਕ ਜੀ ਦੇ ਦਸ ਜਾਮਿਆਂ ਦੀ ਨਿਰੰਤਰਤਾ ਵਿੱਚ ਨਿਸ਼ਚਾ, ਸਿੱਖ ਸਮਾਜ ਦੇ ਵਜੂਦ ਦਾ ਮੁੱਖ ਅਧਾਰ ਹੈ। ਇਸ ਤੋਂ ਘੱਟ ਉਹਨਾ ਅਨਮੱਤੀਆਂ ਲਈ ਰਾਹ ਖੁਲ੍ਹ ਜਾਂਦਾ ਹੈ ਜੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਵਿੱਚ ਵਿਸ਼ਵਾਸ ਰੱਖਣ ਦਾ ਤਾਂ ਦਮ ਭਰਦੇ ਹਨ ਪਰ ਬਾਕੀ ਨੌਂ ਗੁਰੂ ਸਾਹਿਬਾਨ ਨਾਲ ਖੁਦ ਨੂੰ ਨਹੀਂ ਜੋੜਦੇ। ਇਸ ਤੋਂ ਅਗਲੀ ਸ਼੍ਰੇਣੀ ਉਨ੍ਹਾਂ ਗੁਰੂ-ਦੰਭੀਆਂ ਦੀ ਹੈ ਜਿਨ੍ਹਾਂ ਝੂਠੇ ਇਤਿਹਾਸ ਸਹਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਵੀ ਦੇਹਧਾਰੀ ਗੁਰੂ ਡੰਮ ਚਲਾ ਰੱਖਿਆ ਹੈ। ਇਸ ਕਾਰਨ ਦਸ ਗੁਰੂ ਸਾਹਿਬਾਨ ਦੀ ਨਿਰੰਤਰਤਾ ਨੂੰ ਦਰਜ ਕਰਨਾ ਸਿਧਾਂਤਕ ਸਪੱਸ਼ਟਤਾ ਲਈ ਜ਼ਰੂਰੀ ਹੋ ਜਾਂਦਾ ਹੈ।
iii. ਸਿੱਖ ਦਾ ਖੰਡੇ-ਬਾਟੇ ਦੀ ਪਾਹੁਲ ਤੇ ਪੂਰਨ ਨਿਸ਼ਚਾ:
ਸਿੱਖ ਸਮਾਜ ਵਿੱਚ ਰਹਿਤ ਮਰਯਾਦਾ ਜਾਂ ਨਿਤਨੇਮ ਦੀ ਬਾਣੀਆਂ ਤੇ ਮਤਭੇਦ ਹੋ ਸਕਦੇ ਹਨ ਪਰ ਖੰਡੇ-ਬਾਟੇ ਦੀ ਪਾਹੁਲ ਤੇ ਤਾਂ ਸਹਿਮਤੀ ਬਣ ਸਕਦੀ ਹੈ ਚਾਹੇ ਕੋਈ ਕਿਸੇ ਵੀ ਮਰਯਾਦਾ ਨੂੰ ਮੰਨੇ। ਇਸ ਤੋਂ ਘੱਟ ਕਿਸੇ ਵੀ ਪੰਜ ਕਕਾਰੀ ਰਹਿਤ ਰੱਖਣ ਵਾਲੇ ਵਿਅਕਤੀ ਜਾਂ ਸੰਸਥਾ ਨਾਲ ਜਥੇਬੰਦਕ ਸਮਝੌਤਾ ਹੋਣਾ ਮੁਸ਼ਕਲ ਹੈ ਅਤੇ ਇਸ ਤੋਂ ਵੱਧ ਦੀ ਆਸ ਨਾਲ ਵਿਚਾਰਧਾਰਕ ਸਾਂਝ ਬਣ ਸਕਣੀ ਵੀ ਅਸੰਭਵ ਲਗਦੀ ਹੈ।

ਉਪਰ ਲਿੱਖੀ ਵਿਚਾਰ ਅਨੁਸਾਰ ਸਰਬੱਤ ਖ਼ਾਲਸਾ ਲਈ ‘ਵੱਧ ਤੋਂ ਵੱਧ ਸਿਧਾਂਤਕ ਸਾਂਝ’ ਇਹ ਹੈ:

"ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੂਰਾ ਗੁਰੂ ਮੰਨਣ ਵਾਲੇ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੋਤਿ-ਸਰੂਪ ਦਸਾਂ ਜਾਮਿਆਂ ਦੀ ਨਿਰੰਤਰਤਾ ਅਤੇ ਖੰਡੇ-ਬਾਟੇ ਦੀ ਪਾਹੁਲ ਤੇ ਪੂਰਨ ਨਿਸ਼ਚਾ ਰਖਣ ਵਾਲੇ ਦੁਨੀਆਂ ਭਰ ਦੇ ਗੁਰਸਿੱਖ ਇਸਤਰੀ-ਪੁਰਖਾਂ ਦੇ ਸਾਂਝੇ ਮੰਚ ਨੂੰ ਸਰਬੱਤ ਖਾਲਸਾ ਜਥੇਬੰਦੀ ਕਹਿੰਦੇ ਹਨ।"

ਜਿਹੜੀਆਂ ਵੀ ਸਿੱਖ ਸੰਸਥਾਵਾਂ ਜਾਂ ਵਿਅਕਤੀ ਸਰਬੱਤ ਖ਼ਾਲਸਾ ਜਥੇਬੰਦੀ ਨਾਲ ਰਜਿਸਟਰ ਕਰਨਾ ਚਾਹੁੰਦੇ ਹਨ, ਉਹ ਆਨਲਾਈਨ ਫ਼ਾਰਮ ਰਾਹੀਂ ਉਪਰ ਲਿੱਖੀ ਸਿਧਾਂਤਕ ਸਾਂਝ ਨਾਲ ਖੁਦ ਨੂੰ ਸਵੈ-ਪ੍ਰਮਾਣਿਤ ਕਰਦੇ ਹਨ। ਜੋ ਵੀ ਮਤਭੇਦ ਹਨ ਉਹ ਇਸ ਸਿਧਾਂਤਕ ਸਾਂਝ ਤੇ ਸਹਿਮਤੀ ਬਣਾ ਕੇ ਦੂਰ ਕਰਨ ਦਾ ਯਤਨ ਕੀਤਾ ਜਾ ਸਕਦਾ ਹੈ।

16. ਸਰਬੱਤ ਖ਼ਾਲਸਾ ਜਥੇਬੰਦੀ ਨਾਲ ਰਜਿਸਟਰ ਕਰਨ ਵਾਸਤੇ ਆਈਆਂ ਨਾਮਜ਼ਦਗੀਆਂ ਨੂੰ ਕੌਣ ਮਨਜ਼ੂਰ ਜਾਂ ਨਾਮਨਜ਼ੂਰ ਕਰਦਾ ਹੈ?

ਵਿਧਾਨ ਦੀ ਧਾਰਾ ੩.੪ ਅਨੁਸਾਰ ਯੋਗਤਾ ਦੇ ਮਿਆਰ (ਹਵਾਲਾ: ਧਾਰਾ ੭) ਦੇ ਆਧਾਰ 'ਤੇ ਪੰਜ ਪ੍ਰਧਾਨੀ ਕੌਂਸਲ ਦੇ ਮੌਜੂਦਾ ਪੰਜ ਪਿਆਰੇ ਸਿੱਖ ਸੰਸਥਾਵਾਂ ਦੁਆਰਾ ਭੇਜੀਆਂ ਗਈਆਂ ਨਾਮਜ਼ਦਗੀਆਂ ਨੂੰ ਮਨਜ਼ੂਰ ਜਾਂ ਨਾਮਨਜ਼ੂਰ ਕਰਦੇ ਹਨ।

17. ਪੰਜ ਪ੍ਰਧਾਨੀ ਕੌਂਸਲ ਦੇ ਪੰਜ ਪਿਆਰੇ ਕਿਵੇਂ ਚੁਣੇ ਜਾਂਦੇ ਹਨ?

ਪੰਜ ਪ੍ਰਧਾਨੀ ਕੌਂਸਲ ਦੇ ਪੰਜ ਪਿਆਰਿਆਂ ਨੂੰ ਵਿਧਾਨ ਦੀ ਧਾਰਾ ੩.੭ ਅਨੁਸਾਰ ਚੁਣਿਆ ਜਾਂਦਾ ਹੈ ਜੋ ਦੁਨੀਆ ਭਰ ਤੋਂ ਸਰਬੱਤ ਖ਼ਾਲਸਾ ਪੰਚਾਇਤ ਦੇ ਨੁਮਾਇੰਦਿਆਂ ਵਿੱਚੋਂ ਹੀ ਹੋਣਗੇ ਅਤੇ ਉਨ੍ਹਾਂ ਦੇ ਕਾਰਜਕਾਲ ਦੀ ਮਿਆਦ ਪੰਜ ਸਾਲ ਹੈ (ਸਰਬੱਤ ਖ਼ਾਲਸਾ ਪੰਚਾਇਤ ਦੇ ਨੁਮਾਇੰਦਿਆਂ ਨੂੰ ਚੁਣਨ ਦੀ ਪ੍ਰਕਿਰਿਆ ਸਵਾਲ ਨੰ 13 ਵਿੱਚ ਲਿੱਖੀ ਹੈ)। ਇਸ ਤਰਾਂ ਪੰਜ ਪਿਆਰੇ ਸੰਗਤ ਵੱਲੋਂ ਭੇਜੇ ਨੁਮਾਇੰਦਿਆਂ ਵਿੱਚੋਂ ਹੀ ਹੋਣਗੇ। ਜਦ ਤੱਕ ਸਰਬੱਤ ਖ਼ਾਲਸਾ ਪੰਚਾਇਤ ਦੇ ਨੁਮਾਇੰਦਿਆਂ ਦੀ ਨਾਮਜ਼ਦਗੀ ਪੂਰੀ ਨਹੀਂ ਹੁੰਦੀ, ਉਦੋਂ ਤੱਕ 'ਕਾਰਜਕਾਰੀ' ਪੰਜ ਪਿਆਰੇ ਜ਼ਿੰਮੇਵਾਰੀ ਨਿਭਾ ਰਹੇ ਹਨ। ਸਰਬੱਤ ਖ਼ਾਲਸਾ ਪੰਚਾਇਤ ਲਈ 14 ਮਾਰਚ 2025 ਤੱਕ 500 ਨੁਮਾਇੰਦੇ ਚੁਣੇ ਜਾਣ ਦਾ ਟੀਚਾ ਰੱਖਿਆ ਗਿਆ ਹੈ।

18. ਸਰਬੱਤ ਖ਼ਾਲਸਾ ਜਥੇਬੰਦੀ ਇਹ ਕਿਵੇਂ ਯਕੀਨੀ ਬਣਾ ਸਕੇਗੀ ਕਿ ਫ਼ੈਸਲੇ ਧੜੇਬੰਦੀ ਦੇ ਅਸਰ ਹੇਠ ਨਾ ਆਉਣ?

ਇਹ ਸਹੀ ਹੈ ਕਿ ਹਰ ਵਿਅਕਤੀ ਕਿਸੇ ਨਾ ਕਿਸੇ ਵਿਚਾਰ, ਧਾਰਨਾ ਜਾਂ ਧੜੇ ਤੋਂ ਵੱਧ ਪ੍ਰਭਾਵਿਤ ਹੁੰਦਾ ਹੈ ਅਤੇ ਉਹ ਗੁਰਮਤਿ ਨੂੰ ਉਸੇ ਨਜ਼ਰਿਏ ਤੋਂ ਦੇਖਦਾ ਹੈ। ਵਿਅਕਤੀ ਵਿਸ਼ੇਸ਼ ਦੀ ਹਉਮੈ ਵਿੱਚੋਂ ਉਪਜੀ ਇਸ ਕਮਜ਼ੋਰੀ ਨੂੰ ਦੂਰ ਕਰਨ ਵਾਸਤੇ ਸਰਬੱਤ ਖ਼ਾਲਸਾ ਜਥੇਬੰਦੀ ਦੇ ਵਿਧਾਨ ਵਿੱਚ ਹੇਠ ਲਿੱਖੇ ਨੁਕਤੇ ਹਨ:
੧) ਕੋਈ ਵੀ ਇੱਕ ਸੰਸਥਾ ਦੂਜੇ ਨਾਲੋਂ ਵਧ ਪ੍ਰਭਾਵ ਨਾ ਪਾ ਸਕੇ ਇਸ ਵਾਸਤੇ ਹਰ ਕਿਸੇ ਨੂੰ ਵੱਧ ਤੋਂ ਵੱਧ ਦੋ ਨੁਮਾਇੰਦੇ ਭੇਜਨ ਦਾ ਵਿਧਾਨ ਹੈ (ਧਾਰਾ੩.੩)।
੨) ਪੰਜ ਪਿਆਰਿਆਂ ਦੀ ਨਿਯੁਕਤੀ ਕਿਸੇ ਇੱਕ ਧਿਰ ਅਧੀਨ ਨਾ ਹੋਵੇ ਇਸ ਵਾਸਤੇ ਵੱਖ-ਵੱਖ ਖਿੱਤੇ ਅਤੇ ਕਿੱਤੇ ਦੇ ੨੫ ਗੁਰਸਿੱਖ ਕੋਰ ਕਮੇਟੀ ਦੇ ਮੈਂਬਰ, ਪੰਜ ਪਿਆਰਿਆਂ ਦੇ ਨਾਮ ਤੇ ਸਰਬ-ਸੰਮਤੀ ਬਨਾਉਣਗੇ। ਇਹ ਪੰਜ ਪਿਆਰਿਆਂ ਵਿੱਚੋਂ ਦੋ ਪੰਜਾਬ ਤੋਂ, ਇੱਕ ਬਾਕੀ ਭਾਰਤ ਤੋਂ, ਇੱਕ ਜੀ੭ ਦੇਸ਼ਾਂ ਵਿੱਚੋਂ, ਅਤੇ ਇੱਕ ਬਾਕੀ ਦੁਨੀਆ ਤੋਂ ਹੋਣਗੇ (ਧਾਰਾ: ੩.੭)। ਨਿਯੁਕਤੀ ਵਾਸਤੇ ਜ਼ਿਆਦਾ ਮਾਪਦੰਡ ਪਰਿਭਾਸ਼ਿਤ ਕਰਨ ਨਾਲ ਪੱਖਪਾਤ ਅਤੇ ਧੜੇਬੰਦੀ ਦੀਆਂ ਸੰਭਾਵਨਾਵਾਂ ਘੱਟ ਜਾਂਦੀਆਂ ਹਨ।
੩) ਪੰਥਕ ਮਤੇ ਲਈ ਪ੍ਰਕਿਰਿਆ ਦੀ ਤਰਤੀਬ ਵਿਧਾਨ ਵਿੱਚ ਪਰਿਭਾਸ਼ਿਤ ਹੈ ਜਿਸਦੀ ਪਾਲਣਾ ਅਧੀਨ ਹੀ ਪੰਜ ਪਿਆਰੇ ਕਾਰਜ ਕਰਨਗੇ (ਧਾਰਾ ੫)।

19. ਸਰਬੱਤ ਖ਼ਾਲਸਾ ਜਥੇਬੰਦੀ ਕਿਹੜੇ ਕਾਰਜ ਕਰੇਗੀ?

ਸਰਬੱਤ ਖ਼ਾਲਸਾ ਜਥੇਬੰਦੀ ਹੇਠ ਲਿੱਖੇ ਉਦੇਸ਼ ਅਨੁਸਾਰ ਕਾਰਜ ਕਰੇਗੀ:

ਗੁਰਮਤਿ ਦੁਆਰਾ ਬਖਸ਼ੀ ਸਰਬਪੱਖੀ ਜੀਵਨ-ਜੁਗਤ ਨੂੰ ਦ੍ਰਿੜ੍ਹ ਕਰਨ ਤੇ ਕਰਾਉਣ ਲਈ ਸਦਾ ਸਰਗਰਮ ਰਹਿਣਾ। ਸਿੱਖਾਂ ਨੂੰ ਦਰਪੇਸ਼ ਹਰ ਖੇਤਰ ਦੀਆਂ ਸਮੱਸਿਆਵਾਂ ਦਾ ਸੰਸਾਰ ਪੱਧਰੀ ਹੱਲ ਲੱਭਣ ਲਈ ਕਾਰਜਸ਼ੀਲ ਰਹਿਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਬਉੱਚਤਾ, ਸਿੱਖਾਂ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਹਮੇਸ਼ਾਂ ਸਮਰਪਿਤ ਰਹਿਣਾ। (ਧਾਰਾ: ੨)

ਮੌਜੂਦਾ 'ਕਾਰਜਕਾਰੀ' ਪਰਬੰਧਨ ਦਾ ਕਾਰਜ ਖੇਤਰ, ਵਿਧਾਨ ਅਨੁਸਾਰ ਜਥੇਬੰਦੀ ਦੀ ਉਸਾਰੀ ਕਰਨਾ ਹੈ। ਕੌਮੀ ਕਾਰਜਾਂ ਬਾਰੇ ਰੂਪ ਰੇਖਾ ਸਰਬੱਤ ਖ਼ਾਲਸਾ ਜਥੇਬੰਦੀ ਦੇ ਮੈਂਬਰਾਂ ਨੇ ਉਸਾਰੀ ਉਪਰੰਤ ਆਪ ਕਰਨਾ ਹੈ। ਐਸੇ ਬਹੁਤ ਗੰਭੀਰ ਕੌਮੀ ਕਾਰਜ ਹਨ ਜਿਨ੍ਹਾਂ ਨੂੰ ਸਰਬੱਤ ਖ਼ਾਲਸਾ ਜਥੇਬੰਦੀ ਪ੍ਰਮੁੱਖਤਾ ਨਾਲ ਕਰਨ ਲਈ ਯਤਨਸ਼ੀਲ ਹੋਵੇਗੀ, ਜਿਵੇਂ ਕੀ:
੧) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਤਾਰਿਆਂ ਅਥਵਾ ਛਪਾਈ ਦੌਰਾਨ ਆਏ ਪਾਠ-ਭੇਦਾਂ ਨੂੰ ਵਿਚਾਰ ਕੇ ਮੂਲ ਪਾਠ ਨੂੰ ਉਜਾਗਰ ਕਰਨਾ।
੨) ਵੱਖ-ਵੱਖ ਇਤਿਹਾਸਕ ਸਰੋਤਾਂ ਦਾ ਅਧਿਅਨ ਕਰਕੇ ਖੋਜ ਭਰਪੂਰ ਸਿੱਖ ਇਤਿਹਾਸ ਪੰਥ ਦੀ ਝੋਲੀ ਪਾਉਣਾ।
੩) ਸਿੱਖ ਕੌਮ ਦੀ ਨਵੀਂ ਪੀੜ੍ਹੀ (ਬੱਚਿਆਂ, ਕਿਸ਼ੋਰ ਅਵਸਥਾ ਅਤੇ ਨੌਜਵਾਨਾਂ ਨੂੰ) ਸਿੱਖੀ ਨਾਲ ਜੋੜਨ ਲਈ ਸੰਗਠਿਤ ਪ੍ਰਚਾਰ ਦੀ ਯੋਜਨਾਂ ਉਲੀਕਣੀ।
੪) ਬੱਚੀਆਂ, ਨੌਜਵਾਨਾਂ ਧੀਆਂ-ਭੈਣਾਂ ਅਤੇ ਸਿੱਖ ਬੀਬੀਆਂ ਅੰਦਰ ਸਿੱਖ ਨਾਰੀ ਚੇਤਨਾ ਨੂੰ ਉਭਾਰਨਾ।
੫) ਕੌਮ ਦੀ ਚੜ੍ਹਦੀ ਕਲਾ ਲਈ ਦੁਨਿਆ ਭਰ ਦੀਆਂ ਸਿੱਖ ਸੰਸਥਾਵਾਂ ਅਤੇ ਸਿੱਖਾਂ ਦੀ ਮੁਹਾਰਤ ਨੂੰ ਇੱਕ ਮੰਚ ਤੇ ਇਕੱਠਾ ਕਰਨਾ।

© 2025 ਸਰਬੱਤ ਖਾਲਸਾ