ਵਿਧਾਨ

ਸਰਬੱਤ ਖਾਲਸਾ ਦਾ ਵਿਧਾਨ

੧. ਪਰਿਭਾਸ਼ਾ:

ਸਰਬੱਤ ਖਾਲਸਾ ਜਥੇਬੰਦੀ ਗੁਰਮਤਿ ਦੇ ਚਾਨਣ ਵਿੱਚ ਪੰਚ-ਪ੍ਰਧਾਨੀ ਸੰਕਲਪ ਨੂੰ ਰੂਪਮਾਨ ਕਰਦੀ ਇੱਕ ਖੁਦਮੁਖਤਿਆਰ ਸੰਸਥਾ ਹੈ, ਜੋ ਕਿਸੇ ਖਾਸ ਦੇਸ਼-ਸਥਾਨ ਨਾਲ ਬੱਝੇ ਬਿਨਾ, ਪੂਰਨ ਪਾਰਦਰਸ਼ਤਾ ਨਾਲ ਦੁਨੀਆਂ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ।

੨. ਉਦੇਸ਼:

ਗੁਰਮਤਿ ਦੁਆਰਾ ਬਖਸ਼ੀ ਸਰਬਪੱਖੀ ਜੀਵਨ-ਜੁਗਤ ਨੂੰ ਦ੍ਰਿੜ੍ਹ ਕਰਨ ਤੇ ਕਰਾਉਣ ਲਈ ਸਦਾ ਸਰਗਰਮ ਰਹਿਣਾ। ਸਿੱਖਾਂ ਨੂੰ ਦਰਪੇਸ਼ ਹਰ ਖੇਤਰ ਦੀਆਂ ਸਮੱਸਿਆਵਾਂ ਦਾ ਸੰਸਾਰ ਪੱਧਰੀ ਹੱਲ ਲੱਭਣ ਲਈ ਕਾਰਜਸ਼ੀਲ ਰਹਿਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਬਉੱਚਤਾ, ਸਿੱਖਾਂ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਹਮੇਸ਼ਾਂ ਸਮਰਪਤ ਰਹਿਣਾ।

੩. ਜਥੇਬੰਦੀ ਦੀ ਬਣਤਰ ਲਈ ਪ੍ਰਕਿਰਿਆ ਦੀ ਤਰਤੀਬ:

ਇੱਕ ਜਥੇਬੰਦੀ ਵਜੋਂ ਸਰਬੱਤ ਖਾਲਸਾ ਦੀ ਨਿਰੰਤਰਤਾ ਲਈ ਪ੍ਰਕਿਰਿਆ ਹੇਠ ਲਿਖੀ ਤਰਤੀਬ ਅਨੁਸਾਰ ਹੈ:

੩.੧: ਦੁਨੀਆਂ ਭਰ ਦੀਆਂ ਵੱਖ-ਵੱਖ ਸਿੱਖ ਸੰਸਥਾਵਾਂ ਸਰਬੱਤ ਖਾਲਸਾ ਜਥੇਬੰਦੀ ਵਿੱਚ ਆਪਣੇ ਆਪ ਨੂੰ ਰਜਿਸਟਰ ਕਰਨ ਲਈ ਆਨਲਾਈਨ ਫਾਰਮ ਭਰਨਗੀਆਂ।

੩.੨: ਯੋਗਤਾ ਦੇ ਮਿਆਰ (ਹਵਾਲਾ: ਧਾਰਾ ੬) ਦੇ ਆਧਾਰ 'ਤੇ ਪੰਜ ਪ੍ਰਧਾਨੀ ਕੌਂਸਲ ਦੇ ਮੌਜੂਦਾ ਪੰਜ ਪਿਆਰੇ ਰਜਿਸਟ੍ਰੇਸ਼ਨ ਨੂੰ ਮਨਜ਼ੂਰ ਜਾਂ ਨਾ-ਮਨਜ਼ੂਰ ਕਰਨਗੇ।
(ਨੋਟ: ਸਰਬੱਤ ਖਾਲਸਾ ਜਥੇਬੰਦੀ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ, ਕਾਰਜਕਾਰੀ ਪੰਜ ਪ੍ਰਧਾਨੀ ਕੌਂਸਲ ਦੇ ਕਾਰਜਕਾਰੀ ਪੰਜ ਪਿਆਰਿਆਂ ਨੂੰ ਸਰਬੱਤ ਖਾਲਸਾ ਦੀ ਥਿੰਕ ਟੈਂਕ ਟੀਮ ਵਲੋਂ ਨਾਮਜ਼ਦ ਕੀਤਾ ਗਿਆ ਸੀ।)

੩.੩: ਸਰਬੱਤ ਖਾਲਸਾ ਪੰਚਾਇਤ ਦੇ ਨੁਮਾਇੰਦਿਆਂ ਲਈ ਨਾਮਜ਼ਦਗੀਆਂ ਹੇਠ ਲਿਖੇ ਦੋ ਤਰੀਕਿਆਂ ਨਾਲ ਕੀਤੀਆਂ ਜਾ ਸਕਦੀਆਂ ਹਨ:

i. ਪ੍ਰਵਾਨਤ ਸਿੱਖ ਸੰਸਥਾਵਾਂ ਸਰਬੱਤ ਖਾਲਸਾ ਪੰਚਾਇਤ ਲਈ ਆਪਣੇ ਨੁਮਾਇੰਦਿਆਂ ਦੀ ਨਾਮਜ਼ਦਗੀਆਂ ਭੇਜਣਗੀਆਂ ਜਿਨ੍ਹਾਂ ਕੋਲ ੩.੩.iii ਵਿੱਚ ਦਰਸਾਈਆਂ ਗਈਆਂ ਨਿਪੁੰਨਤਾਵਾਂ ਵਿੱਚੋਂ ਕੋਈ ਇੱਕ ਜ਼ਰੂਰ ਹੋਵੇ। ਇੱਕ ਸੰਸਥਾ ਵੱਧ ਤੋਂ ਵੱਧ ਦੋ ਨਾਮਜ਼ਦਗੀਆਂ ਭੇਜ ਸਕਦੀ ਹੈ।

ii. ਉਹ ਵਿਅਕਤੀ, ਜਿਨ੍ਹਾਂ ਨੂੰ ਕਿਸੇ ਸਿੱਖ ਸੰਸਥਾ ਦੁਆਰਾ ਨਾਮਜ਼ਦ ਨਹੀਂ ਕੀਤਾ ਗਿਆ ਪਰ ਉਹਨਾਂ ੩.੩.iii ਵਿੱਚ ਦਰਜ ਕਿਸੇ ਵੀ ਨਿਪੁੰਨਤਾ ਵਿੱਚ ਸਿੱਖ ਸਮਾਜ ਲਈ ਉੱਘਾ ਯੋਗਦਾਨ ਪਾਇਆ ਹੈ, ਨੂੰ ਸਰਬੱਤ ਖਾਲਸਾ ਪੰਚਾਇਤ ਲਈ ਨਾਮਜ਼ਦ ਕਰਨ ਵਾਸਤੇ ਸਿੱਖ ਸੰਗਤ ਵਿੱਚੋਂ ਕੋਈ ਵੀ ਈ-ਮੇਲ ਰਾਹੀਂ ਲਿਖਤੀ ਬੇਨਤੀ ਭੇਜ ਸਕਦਾ / ਸਕਦੀ ਹੈ। ਜੇਕਰ ਪੰਜ ਪ੍ਰਧਾਨੀ ਕੌਂਸਲ ਦੇ ਪੰਜ ਪਿਆਰੇ ਉਸ ਵਿਅਕਤੀ ਦੇ ਨਾਮ ਨਾਲ ਸਹਿਮਤ ਹੁੰਦੇ ਹਨ, ਤਾਂ ਉਸਦੀ ਨਾਮਜ਼ਦਗੀ ਮਨਜ਼ੂਰ ਹੋ ਜਾਵੇਗੀ।

iii. ਨਿਪੁੰਨਤਾ / ਮੁਹਾਰਤ ਦੀ ਸੂਚੀ ਇਸ ਪ੍ਰਕਾਰ ਹੈ:
ExpertisePunjabi

੩.੪: ਯੋਗਤਾ ਦੇ ਮਿਆਰ (ਹਵਾਲਾ: ਧਾਰਾ ੭) ਦੇ ਆਧਾਰ 'ਤੇ ਪੰਜ ਪ੍ਰਧਾਨੀ ਕੌਂਸਲ ਦੇ ਪੰਜ ਪਿਆਰੇ ਸਿੱਖ ਸੰਸਥਾਵਾਂ ਦੁਆਰਾ ਭੇਜੀਆਂ ਗਈਆਂ ਨਾਮਜ਼ਦਗੀਆਂ ਨੂੰ ਮਨਜ਼ੂਰ ਜਾਂ ਨਾ-ਮਨਜ਼ੂਰ ਕਰਨਗੇ।

੩.੫: ਸਰਬੱਤ ਖਾਲਸਾ ਪੰਚਾਇਤ ਦੇ ਨੁਮਾਇੰਦੇ ਬਿਨਾਂ ਕਿਸੇ ਕੁੱਲ ਗਿਣਤੀ ਦੀ ਸੀਮਾ ਅਤੇ ਬਿਨਾਂ ਕਿਸੇ ਕਾਰਜਕਾਲ ਦੀ ਸੀਮਾ ਦੇ ਸ਼ਾਮਲ ਕੀਤੇ ਜਾ ਸਕਦੇ ਹਨ।

੩.੬: ਸਰਬੱਤ ਖਾਲਸਾ ਪੰਚਾਇਤ ਵਿੱਚੋਂ ੨੫ ਗੁਰਸਿੱਖ ਕੋਰ ਕਮੇਟੀ ਦੇ ਮੈਂਬਰ ਹੋਣਗੇ। ਗੁਰਸਿੱਖ ਕੋਰ ਕਮੇਟੀ ਮੈਂਬਰਾਂ ਦੀ ਭੂਮਿਕਾ ਪੰਜ ਪ੍ਰਧਾਨੀ ਕੌਂਸਲ ਲਈ ਪੰਜ ਪਿਆਰਿਆਂ ਨੂੰ ਚੁਣਨਾ ਹੈ। ਗੁਰਸਿੱਖ ਕੋਰ ਕਮੇਟੀ ਦੀ ਚੋਣ ਹੇਠ ਲਿਖੀ ਪ੍ਰਕਿਰਿਆ ਅਨੁਸਾਰ ਕੀਤੀ ਜਾਵੇਗੀ:

i: ਸੇਵਾ ਕਰ ਰਹੀ ਪੰਜ ਪ੍ਰਧਾਨੀ ਕੌਂਸਲ ਦੁਆਰਾ ਸਰਬਸੰਮਤੀ ਨਾਲ ਗੁਰਸਿੱਖ ਕੋਰ ਕਮੇਟੀ ਲਈ ਨਾਮ ਚੁਣੇ ਜਾਣਗੇ।

ii: ਸੇਵਾ ਕਰ ਰਹੀ ਪੰਜ ਪ੍ਰਧਾਨੀ ਕੌਂਸਲ ਪੰਜ ਪਿਆਰਿਆਂ ਦੀ ਚੋਣ ਤੋਂ ਛੇ ਮਹੀਨੇ ਪਹਿਲਾਂ ਗੁਰਸਿੱਖ ਕੋਰ ਕਮੇਟੀ ਲਈ ੨੫ ਨਾਵਾਂ ਦੀ ਚੋਣ ਕਰੇਗੀ। ਇਸਦਾ ਅਰਥ ਹੋਇਆ ਕਿ ਗੁਰਸਿੱਖ ਕੋਰ ਕਮੇਟੀ ਦੇ ਮੈਂਬਰਾਂ ਦੀ ਚੋਣ ਹਰ ਢਾਈ ਸਾਲਾਂ ਬਾਅਦ ਕੀਤੀ ਜਾਵੇਗੀ।

iii. ਗੁਰਸਿੱਖ ਕੋਰ ਕਮੇਟੀ ਮੈਂਬਰਾਂ ਦਾ ਕਾਰਜਕਾਲ 5 ਸਾਲ ਹੋਵੇਗਾ ਅਤੇ ਉਨ੍ਹਾਂ ਦੇ ਨਾਮ ਹਰ ਢਾਈ ਸਾਲਾਂ ਬਾਅਦ 10 ਅਤੇ 15 ਮੈਂਬਰਾਂ ਦੇ ਬੈਚ ਵਿੱਚ ਬਦਲੇ ਜਾਣਗੇ। ਪਿਛਲੀ ਮਿਆਦ ਦੇ ਬੈਚ ਤੋਂ ਦਸ ਜਾਂ ਪੰਦਰਾਂ ਮੈਂਬਰ ਹੋਣ ਨਾਲ ਚੱਲ ਰਹੇ ਕਾਰਜ ਅਤੇ ਵਿਚਾਰ-ਵਟਾਂਦਰੇ ਨੂੰ ਨਿਰੰਤਰਤਾ ਮਿਲੇਗੀ। (ਪ੍ਰਕਿਰਿਆ ਸ਼ੁਰੂ ਕਰਨ ਲਈ, ਪੰਜ ਪ੍ਰਧਾਨੀ ਕੌਂਸਲ ਆਪਣੇ ਵਿਵੇਕ ਅਤੇ ਸਰਬਸੰਮਤੀ ਨਾਲ ਨਾਮ ਬਦਲੇਗੀ। ਇਸ ਲਈ, ਗੁਰਸਿੱਖ ਕੋਰ ਕਮੇਟੀ ਮੈਂਬਰਾਂ ਦੇ ਪਹਿਲੇ ਬੈਚ ਦਾ ਕਾਰਜਕਕਾਲ, ਜਿਨ੍ਹਾਂ ਦੇ ਨਾਮ ਬਦਲੇ ਜਾਣਗੇ, ਢਾਈ ਸਾਲ ਦਾ ਹੋਵੇਗਾ।)

iv: ਪਹਿਲਾਂ ਪੂਰਾ ਕਰ ਚੁਕੇ ਕਾਰਜਕਾਲ ਦੇ ਗੁਰਸਿੱਖ ਕੋਰ ਕਮੇਟੀ ਮੈਂਬਰਾਂ ਦੇ ਨਾਮ ਘੱਟੋ-ਘੱਟ ਢਾਈ ਸਾਲਾਂ ਦੇ ਅੰਤਰਾਲ ਤੋਂ ਬਾਅਦ ਹੀ ਦੁਹਰਾਏ ਜਾ ਸਕਦੇ ਹਨ। ਪੰਜ ਪਿਆਰਿਆਂ ਵੱਜੋਂ ਜਿਨ੍ਹਾਂ ਨੇ ਸੇਵਾ ਅਤੇ ਕਾਰਜਕਾਲ ਪੂਰਾ ਕਰ ਲਿਆ ਹੈ, ਉਹ ਵੀ ਗੁਰਸਿੱਖ ਕੋਰ ਕਮੇਟੀ ਵਿੱਚ ਸ਼ਾਮਲ ਹੋ ਸਕਦੇ ਹਨ।

v: ਗੁਰਸਿੱਖ ਕੋਰ ਕਮੇਟੀ ਵਿੱਚ ਪੰਜਾਬ ਤੋਂ ਅੱਠ ਮੈਂਬਰ, ਬਾਕੀ ਭਾਰਤ ਤੋਂ ਪੰਜ ਅਤੇ ਭਾਰਤ ਤੋਂ ਬਾਹਰੋਂ ਬਾਰਾਂ ਮੈਂਬਰ ਹੋਣਗੇ।

੩.੭: ਗੁਰਸਿੱਖ ਕੋਰ ਕਮੇਟੀ ਦੇ ਮੈਂਬਰ 'ਆਪਣੇ ਆਪ ਤੋਂ ਇਲਾਵਾ' ਸਰਬੱਤ ਖਾਲਸਾ ਪੰਚਾਇਤ ਦੇ ਨੁਮਾਇੰਦਿਆਂ ਵਿੱਚੋਂ ਪੰਜ ਪ੍ਰਧਾਨੀ ਕੌਂਸਲ ਲਈ ਪੰਜ ਪਿਆਰਿਆਂ ਦੇ ਨਾਵਾਂ ਤੇ ਸਹਿਮਤੀ ਬਣਾਉਣਗੇ। ਚੋਣ ਲਈ ਹੇਠ ਲਿਖੀ ਪ੍ਰਕਿਰਿਆ ਅਪਣਾਈ ਜਾਵੇਗੀ:

i. ਗੁਰਸਿੱਖ ਕੋਰ ਕਮੇਟੀ ਦੇ ਪੱਚੀ ਮੈਂਬਰਾਂ ਵਿੱਚੋਂ ਸਰਬਸੰਮਤੀ ਨਾਲ ਇੱਕ ਮੈਂਬਰ ਮੀਟਿੰਗਾਂ ਦਾ ਪ੍ਰਬੰਧ ਕਰਨ ਲਈ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਲਵੇਗਾ। ਲੋੜ ਪੈਣ 'ਤੇ ਪੰਜ ਪ੍ਰਧਾਨੀ ਕੌਂਸਲ ਕੋਆਰਡੀਨੇਟਰ ਦੀ ਚੋਣ ਵਾਸਤੇ ਚਰਚਾ ਵਿੱਚ ਸਹਾਈ ਹੋ ਸਕਦੇ ਹਨ।

ii. ਮੀਟਿੰਗਾਂ ਵਿੱਚ ਮੈਂਬਰ ਲੋੜੀਂਦੇ ਖਿੱਤਿਆਂ ਤੋਂ ਪੰਜ ਪ੍ਰਧਾਨੀ ਕੌਂਸਲ ਲਈ ਸੰਭਾਵੀ ਨਾਵਾਂ ਅਤੇ ਉਨ੍ਹਾਂ ਦੇ ਸਿੱਖੀ ਯੋਗਦਾਨਾਂ ਨੂੰ ਸਾਂਝਾ ਕਰਨਗੇ। ਸੇਵਾ ਕਰ ਰਹੇ ਪੰਜ ਪਿਆਰੇ ਮੀਟਿੰਗਾਂ ਵਿੱਚ ਹਿੱਸਾ ਨਹੀਂ ਲੈਣਗੇ, ਹਾਲਾਂਕਿ ਸੇਵਾ ਕਰ ਰਹੀ ਪੰਜ ਪ੍ਰਧਾਨੀ ਕੌਂਸਲ ਵੀ ਪੰਜ ਪਿਆਰਿਆਂ ਲਈ ਨਾਮ ਪ੍ਰਸਤਾਵਿਤ ਕਰ ਸਕਦੀ ਹੈ।

iii. ਮੈਂਬਰਾਂ ਵੱਲੋਂ ਪ੍ਰਸਤਾਵਿਤ ਨਾਵਾਂ ਤੇ ਕਮੇਟੀ ਵਿਚਾਰ-ਵਟਾਂਦਰਾ ਕਰੇਗੀ। ਇਹ ਲਾਜ਼ਮੀ ਨਹੀਂ ਹੈ ਕਿ ਸਾਰੇ ਪੱਚੀ ਮੈਂਬਰ ਸੁਝਾਏ ਗਏ ਨਾਵਾਂ ਤੋਂ ਜਾਣੂੰ ਹੋਣ। ਨਾਵਾਂ 'ਤੇ ਵਿਚਾਰ-ਵਟਾਂਦਰਾ ਕਰਨਾ ਅਤੇ ਉਹਨਾਂ ਬਾਰੇ ਜਾਣਕਾਰੀ ਹਾਸਲ ਕਰਨੀ ਪੱਚੀ ਮੈਂਬਰਾਂ ਦੀ ਆਪਣੀ ਜ਼ਿੰਮੇਵਾਰੀ ਹੈ। ਜੇਕਰ ਕੋਈ ਜਾਂ ਕੁਝ ਮੈਂਬਰ ਮੀਟਿੰਗਾਂ ਵਿੱਚ ਸ਼ਾਮਲ ਨਹੀਂ ਹੁੰਦੇ ਜਾਂ ਚਰਚਾ ਵਿੱਚ ਹਿੱਸਾ ਨਹੀਂ ਲੈਂਦੇ ਤਾਂ ਬਾਕੀ ਮੈਂਬਰ ਭਾਗ ਨਾ ਲੈਣ ਵਾਲੇ ਮੈਂਬਰਾਂ ਤੋਂ ਬਿਨਾਂ ਸਰਬਸੰਮਤੀ ਨਾਲ ਫੈਸਲਾ ਲੈਣ ਲਈ ਸੁਤੰਤਰ ਹਨ।

੩.੮ ਪੰਜ ਪ੍ਰਧਾਨੀ ਕੌਂਸਲ ਲਈ, ਦੋ ਪੰਜਾਬ ਤੋਂ, ਇੱਕ ਬਾਕੀ ਭਾਰਤ ਤੋਂ ਅਤੇ ਦੋ ਭਾਰਤ ਤੋਂ ਬਾਹਰੋਂ (ਤਰਜੀਹੀ ਤੌਰ 'ਤੇ, ਪਰ ਲਾਜ਼ਮੀ ਨਹੀਂ, ਇੱਕ ਉੱਤਰੀ ਅਮਰੀਕੀ ਦੇਸ਼ਾਂ (ਕੈਨੇਡਾ ਅਤੇ ਅਮਰੀਕਾ) ਤੋਂ, ਅਤੇ ਇੱਕ ਬਾਕੀ ਦੁਨੀਆ ਤੋਂ)। ਉਨ੍ਹਾਂ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਨੇ ਪਹਿਲਾਂ ਹੀ ਸਰਬੱਤ ਖਾਲਸਾ ਜਥੇਬੰਦੀ ਦੇ ਪ੍ਰੋਜੈਕਟਾਂ ਲਈ ਯੋਗਦਾਨ ਪਾਇਆ ਹੋਵੇ ਅਤੇ ਅਗਵਾਈ ਨੂੰ ਜ਼ਾਹਰ ਕੀਤਾ ਹੋਵੇ। ਪੰਜ ਪਿਆਰਿਆਂ ਲਈ ਖੰਡੇ ਬਾਟੇ ਦੀ ਪਾਹੁਲ ਦੇ ਧਾਰਨੀ ਹੋਣਾ ਲਾਜ਼ਮੀ ਹੈ। ਪੰਜ ਪ੍ਰਧਾਨੀ ਕੌਂਸਲ ਲਈ ਪੰਜ ਪਿਆਰਿਆਂ ਦੀ ਮਿਆਦ ਪੰਜ ਸਾਲ ਹੈ ਪਰ ਮਿਆਦ ਸ਼ੁਰੂ ਹੋਣ ਦੇ ਸਮੇਂ ਵਿੱਚ ਅੰਤਰ ਹੋਵੇਗਾ, ਜੋ ਹੇਠ ਦਿੱਤੇ ਵੇਰਵੇ ਅਨੁਸਾਰ ਹੈ:

i. ਸਰਬੱਤ ਖਾਲਸਾ ਜਥੇਬੰਦੀ ਦੇ ਪਹਿਲੇ ਸਾਲ ਵਿੱਚ ਗੁਰਸਿੱਖ ਕੋਰ ਕਮੇਟੀ ਪੰਜ ਪ੍ਰਧਾਨੀ ਕੌਂਸਲ ਦੇ ਪੰਜ ਪਿਆਰਿਆਂ ਲਈ ਤਿੰਨ ਨਵੇਂ ਨਾਵਾਂ 'ਤੇ ਸਹਿਮਤੀ ਬਣਾਵੇਗੀ, ਜਦਕਿ ਦੋ ਪਿਛਲੀ ਮਿਆਦ ਦੇ ਸਰਬੱਤ ਖਾਲਸਾ ਜਥੇਬੰਦੀ ਵਿੱਚੋਂ ਹੋਣਗੇ। ਪਿਛਲੀ ਮਿਆਦ ਦੇ ਪੰਜ ਪ੍ਰਧਾਨੀ ਕੌਂਸਲ ਵਿੱਚੋਂ ਦੋ ਜਾਂ ਤਿੰਨ ਮੈਂਬਰ ਹੋਣ ਨਾਲ ਚੱਲ ਰਹੇ ਕਾਰਜ ਅਤੇ ਵਿਚਾਰ-ਵਟਾਂਦਰੇ ਨੂੰ ਨਿਰੰਤਰਤਾ ਮਿਲੇਗੀ।

ii. ਸਰਬੱਤ ਖਾਲਸਾ ਜਥੇਬੰਦੀ ਦੇ ਢਾਈ ਸਾਲ ਪੂਰੇ ਹੋਣ 'ਤੇ ਪੰਜ ਪ੍ਰਧਾਨੀ ਕੌਂਸਲ ਦੇ ਪੰਜ ਪਿਆਰਿਆਂ ਵਿੱਚੋਂ ਦੋ ਦੀ ਪੰਜ ਸਾਲ ਦੀ ਮਿਆਦ ਪੂਰੀ ਹੋ ਜਾਵੇਗੀ। ਗੁਰਸਿੱਖ ਕੋਰ ਕਮੇਟੀ ਇਹਨਾਂ ਦੀ ਜਗ੍ਹਾ ਦੋ ਨਵੇਂ ਨਾਵਾਂ ਤੇ ਸਹਿਮਤੀ ਬਣਾਵੇਗੀ।
(ਪ੍ਰਕਿਰਿਆ ਸ਼ੁਰੂ ਕਰਨ ਲਈ ਧਾਰਾ ੩.੮.i ਵਿੱਚ ਪੰਜ ਪਿਆਰਿਆਂ ਵਿਚੋਂ ਦੋ ਕਾਰਜਕਾਰੀ ਪੰਜ ਪਿਆਰਿਆਂ ਵਿਚੋਂ ਸਨ। ਇਸ ਤਰ੍ਹਾਂ ਗੁਰਸਿੱਖ ਕੋਰ ਕਮੇਟੀ ਦੁਆਰਾ ਪੰਜ ਪਿਆਰਿਆਂ ਲਈ ਦੋ ਕਾਰਜਕਾਰੀ ਪੰਜ ਪਿਆਰਿਆਂ ਵਿਚੋਂ ਅਤੇ ਤਿੰਨ ਸਰਬੱਤ ਖਾਲਸਾ ਪੰਚਾਇਤ ਵਿਚੋਂ ਸਥਾਪਤ ਕੀਤੇ ਸਨ।)

੩.੯: ਉਪਰੋਕਤ ਵਿਧਾਨ ਨਾਲ ਥਾਪੇ ਗਏ ਪੰਜ ਪ੍ਰਧਾਨੀ ਕੌਂਸਲ ਦੇ ਪੰਜ ਪਿਆਰੇ ਹੀ ਸਰਬੱਤ ਖਾਲਸਾ ਜਥੇਬੰਦੀ ਦੇ ਪੰਜ ਪਿਆਰੇ ਹੋਣਗੇ। ਉਹ ਸਿੱਖ ਸੰਸਥਾਵਾਂ ਦੀ ਰਜਿਸਟ੍ਰੇਸ਼ਨ ਲਈ ਨਵੇਂ ਫਾਰਮਾਂ ਨੂੰ ਮਨਜ਼ੂਰ ਜਾਂ ਨਾ-ਮਨਜ਼ੂਰ ਕਰਨਗੇ (ਹਵਾਲਾ: ਧਾਰਾ ੩.੧; ੩.੨) ਅਤੇ ਫਿਰ ਅੱਗੇ ਦੀ ਪ੍ਰਕਿਰਿਆ ਨਿਰੰਤਰ ਚਲਦੀ ਰਹੇਗੀ।

੩.੧੦: ਆਪਣੇ ਕਾਰਜਕਾਲ ਦੀ ਮਿਆਦ ਦੌਰਾਨ ਜੇ ਕਿਸੇ ਕਾਰਨ ਕਰਕੇ ਪੰਜ ਪ੍ਰਧਾਨੀ ਕੌਂਸਲ ਦੇ ਪੰਜ ਪਿਆਰਿਆਂ ਵਿੱਚੋਂ ਕੋਈ ਇੱਕ ਜਾਂ ਇੱਕ ਤੋਂ ਵੱਧ ਸੇਵਾ ਜਾਰੀ ਨਾ ਰੱਖ ਸਕੇ, ਅਜਿਹੀ ਸਥਿਤੀ ਵਿੱਚ ਸੇਵਾ ਕਰ ਰਹੀ ਗੁਰਸਿੱਖ ਕੋਰ ਕਮੇਟੀ ਉਸੇ ਖਿੱਤੇ ਨਾਲ ਸੰਬੰਧਤ ਸਰਬੱਤ ਖਾਲਸਾ ਪੰਚਾਇਤ ਦੇ ਬਾਕੀ ਨੁਮਾਇੰਦਿਆਂ ਵਿੱਚੋਂ ਬਦਲ ਲੱਭੇਗੀ। ਇਸੇ ਤਰ੍ਹਾਂ ਗੁਰਸਿੱਖ ਕੋਰ ਕਮੇਟੀ ਮੈਂਬਰਾਂ ਦਾ ਬਦਲ ਖਾਲੀ ਪਦ ਦੀ ਸਥਿਤੀ ਵਿੱਚ ਪੰਜ ਪ੍ਰਧਾਨੀ ਕੌਂਸਲ ਵੱਲੋਂ ਕੀਤਾ ਜਾਵੇਗਾ। ਇਹ ਬਦਲ ਬਕਾਇਆ ਮਿਆਦ ਦੇ ਸਮੇਂ ਲਈ ਹੋਵੇਗਾ, ਨਾ ਕਿ ਪੰਜ ਸਾਲਾਂ ਲਈ।

੩.੧੧: ਅਗਰ ਕਿਸੇ ਬਾਹਰੀ ਕਾਰਨਾਂ ਕਰਕੇ ਕਿਸੇ ਖਿੱਤੇ / ਦੇਸ਼ ਵਿੱਚ ਗੁਰਸਿੱਖ ਕੋਰ ਕਮੇਟੀ ਜਾਂ ਪੰਜ ਪਿਆਰਿਆਂ (ਧਾਰਾ ੩.੬. ਜਾਂ ੩.੮ ਅਨੁਸਾਰ) ਨੂੰ ਨਾਮਜ਼ਦ ਨਹੀਂ ਕੀਤਾ ਜਾ ਸਕਦਾ ਹੋਵੇ, ਐਸੀ ਸਥਿਤੀ ਵਿੱਚ ਗੁਰਸਿੱਖ ਕੋਰ ਕਮੇਟੀ ਦੇ ੨੫ ਮੈਂਬਰ ਅਤੇ ਪੰਜ ਪ੍ਰਧਾਨੀ ਕੌਂਸਲ ਦੇ ਪੰਜ ਪਿਆਰਿਆਂ ਦੀ ਗਿਣਤੀ ਬਾਕੀ ਖਿੱਤਿਆਂ ਵਿੱਚੋਂ ਵਧਾਕੇ ਹਮੇਸ਼ਾਂ ਪੂਰੀ ਰੱਖੀ ਜਾਵੇਗੀ। (ਧਾਰਾ ੩.੧੧ ਕੇਵਲ ਬਾਹਰੀ ਕਾਰਨਾਂ ਕਰਕੇ ਪੈਦਾ ਹੋਈ ਅਪਵਾਦ ਦੀ ਸਥਿਤੀ ਵਿੱਚ ਲਾਗੂ ਹੋਵੇਗੀ)

੪. ਨਿਰਪੱਖਤਾ ਲਈ ਧਾਰਾਵਾਂ:

੪.੧: ਕਿਉਂਕਿ ਪੰਜ ਪ੍ਰਧਾਨੀ ਕੌਂਸਲ ਪ੍ਰਵਾਨਗੀ ਅਥਾਰਟੀ ਹੈ, ਹਿੱਤਾਂ ਦੇ ਟਕਰਾਅ ਤੋਂ ਬਚਣ ਲਈ ਪੰਜ ਪਿਆਰਿਆਂ ਨੂੰ ਲਗਾਤਾਰ ਦੁਬਾਰਾ ਨਾਮਜ਼ਦ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਉਹ ਸਰਬੱਤ ਖਾਲਸਾ ਪੰਚਾਇਤ ਦੇ ਨੁਮਾਇੰਦੇ ਵਜੋਂ ਜਾਰੀ ਰਹਿ ਸਕਦੇ ਹਨ ਅਤੇ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਗੁਰਸਿੱਖ ਕੋਰ ਕਮੇਟੀ ਦਾ ਹਿੱਸਾ ਬਣ ਸਕਦੇ ਹਨ। ਪੰਜ ਪਿਆਰਿਆਂ ਲਈ ਦੁਬਾਰਾ ਨਾਮਜ਼ਦ ਹੋਣ ਲਈ ਘੱਟੋ-ਘੱਟ ਪੰਜ ਸਾਲ ਦਾ ਅੰਤਰ ਹੋਣਾ ਲਾਜ਼ਮੀ ਹੈ।

੪.੨: ਗੁਰਸਿੱਖ ਕੋਰ ਕਮੇਟੀ ਦੀ ਚੋਣ ਸੇਵਾ ਕਰ ਰਹੇ ਪੰਜ ਪਿਆਰਿਆਂ ਦੁਆਰਾ ਕੀਤੀ ਜਾਵੇਗੀ (ਹਵਾਲਾ ਧਾਰਾ ੩.੬), ਨਿਰਪੱਖਤਾ ਨੂੰ ਬਰਕਰਾਰ ਰੱਖਦੇ ਹੋਏ ਇਹਨਾਂ ਪੰਜ ਪਿਆਰਿਆਂ ਵਿੱਚੋਂ ਦੋ ਜਾਂ ਤਿੰਨ ਨੂੰ ਲਾਜ਼ਮੀ ਤੌਰ 'ਤੇ ਨਵੇਂ ਨਾਵਾਂ ਨਾਲ ਬਦਲਿਆ ਜਾਵੇਗਾ (ਹਵਾਲਾ ਧਾਰਾ ੩.੮.i ਅਤੇ ੩.੮.ii)।

੪.੩: ਜਿਸ ਤਰ੍ਹਾਂ ਸਿੱਖ ਸੰਸਥਾਵਾਂ ਅਤੇ ਨਾਮਜ਼ਦਗੀਆਂ ਨੂੰ ਮਨਜ਼ੂਰ ਕਰਨ ਵਾਸਤੇ ਪੰਜ ਪ੍ਰਧਾਨੀ ਕੌਂਸਲ ਦੇ ਪੰਜ ਪਿਆਰਿਆਂ ਦੀ ਪ੍ਰਵਾਨਗੀ ਲਾਜ਼ਮੀ ਹੈ, ਉਸੇ ਤਰਾਂ ਰਜਿਸਟਰ ਹੋ ਚੁੱਕੀਆਂ ਸੰਸਥਾਵਾਂ ਅਤੇ ਸਰਬੱਤ ਖਾਲਸਾ ਪੰਚਾਇਤ ਦੇ ਨੁਮਾਇੰਦਿਆਂ ਨੂੰ ਯੋਗਤਾ ਦੇ ਮਾਪਦੰਡ ਉੱਤੇ ਪੂਰਾ ਨਾ ਉਤਰਨ 'ਤੇ ਸਰਬੱਤ ਖਾਲਸਾ ਤੋਂ ਸੇਵਾ ਮੁਕਤ ਕਰਨ ਲਈ ਵੀ ਪੰਜ ਪ੍ਰਧਾਨੀ ਕੌਂਸਲ ਦੇ ਪੰਜ ਪਿਆਰਿਆਂ ਵੱਲੋਂ ਪ੍ਰਵਾਨਗੀ ਲਾਜ਼ਮੀ ਹੈ।

੪.੪: ਰਜਿਸਟਰਡ ਸੰਸਥਾਵਾਂ ਜਾਂ ਸਰਬੱਤ ਖਾਲਸਾ ਪੰਚਾਇਤ ਦੇ ਨੁਮਾਇੰਦੇ ਜਦੋਂ ਚਾਹੁਣ ਸਰਬੱਤ ਖਾਲਸਾ ਤੋਂ ਆਪਣੇ-ਆਪ ਸੇਵਾ ਮੁਕਤ ਹੋ ਸਕਦੇ ਹਨ।

੪.੫: ਸਰਬੱਤ ਖਾਲਸਾ ਜਥੇਬੰਦੀ ਪਾਰਦਰਸ਼ੀ ਫੰਡਿੰਗ ਨੀਤੀ ਅਨੁਸਾਰ ਲੋੜੀਂਦੇ ਕਾਰਜਾਂ ਉੱਤੇ ਖਰਚਾ ਕਰੇਗੀ ਅਤੇ ਇਸਦੀ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਵਿੱਤੀ ਆਡਿਟ ਦੀ ਨੀਤੀ ਹੋਵੇਗੀ। ਫੰਡਿੰਗ ਅਤੇ ਵਿੱਤੀ ਆਡਿਟ ਦੀ ਨੀਤੀ ਵਾਸਤੇ ਕਮੇਟੀ ਦਾ ਗਠਨ ਅਤੇ ਲਾਗੂ ਕਰਨ ਦੀ ਪ੍ਰਕਿਰਿਆ ਪੰਜ ਪ੍ਰਧਾਨੀ ਕੌਂਸਲ ਦੇ ਪੰਜ ਪਿਆਰਿਆਂ ਦੀ ਨਿਗਰਾਨੀ ਹੇਠ ਹੀ ਹੋਵੇਗੀ (ਹਵਾਲਾ: ਧਾਰਾ ੫)।

੪.੬: ਵੈਬਸਾਈਟ, ਸੋਸ਼ਲ ਮੀਡੀਆ ਖਾਤਿਆਂ, ਡੇਟਾ ਸੁਰੱਖਿਆ ਅਤੇ ਹੋਰ ਆਈ. ਟੀ. ਸੰਪਤੀਆਂ ਦੇ ਪ੍ਰਬੰਧ ਲਈ ਆਈ. ਟੀ. ਸੁਰੱਖਿਆ ਨੀਤੀ ਤਿਆਰ ਹੋਵੇਗੀ। ਆਈ. ਟੀ. ਨੀਤੀ ਵਾਸਤੇ ਕਮੇਟੀ ਦਾ ਗਠਨ ਅਤੇ ਲਾਗੂ ਕਰਨ ਦੀ ਪ੍ਰਕਿਰਿਆ ਪੰਜ ਪ੍ਰਧਾਨੀ ਕੌਂਸਲ ਦੇ ਪੰਜ ਪਿਆਰਿਆਂ ਦੀ ਨਿਗਰਾਨੀ ਹੇਠ ਹੀ ਹੋਵੇਗੀ (ਹਵਾਲਾ: ਧਾਰਾ ੫)।

੫. ਪੰਥਕ-ਮਤੇ ਲਈ ਪ੍ਰਕਿਰਿਆ ਦੀ ਤਰਤੀਬ:

੫.੧: ਕਿਸੇ ਵੀ ਮਸਲੇ ਬਾਰੇ ਸੁਝਾਅ ਜਾਂ ਨੀਤੀ ਲਈ ਪੰਜ ਪ੍ਰਧਾਨੀ ਕੌਂਸਲ ਦੇ ਪੰਜ ਪਿਆਰਿਆਂ ਦੀ ਨਿਗਰਾਨੀ ਹੇਠ ਕਮੇਟੀ ਬਣੇਗੀ। ਇਹ ਪੰਜ ਮੈਂਬਰੀ ਕਮੇਟੀ ਹੋਵੇਗੀ, ਜਿਸਦੇ ਮੈਂਬਰ ਸਰਬੱਤ ਖਾਲਸਾ ਪੰਚਾਇਤ ਦੇ ਨੁਮਾਇੰਦਿਆਂ ਵਿੱਚੋਂ ਹੋਣਗੇ। ਮਸਲੇ ਜਾਂ ਨੀਤੀ ਲਈ ਲੋੜੀਂਦੀ ਨਿਪੁੰਨਤਾ ਦੇ ਅਧਾਰ 'ਤੇ ਕਮੇਟੀ ਮੈਂਬਰਾਂ ਨੂੰ ਸਥਾਪਤ ਕੀਤਾ ਜਾਵੇਗਾ। ਇਹ ਪੰਜ ਮੈਂਬਰੀ ਕਮੇਟੀ ਜੇ ਚਾਹੇ ਤਾਂ ਹੋਰ ਜਾਣਕਾਰੀ ਜਾਂ ਨਿਪੁੰਨਤਾ ਵਾਸਤੇ ਵਧੇਰੇ ਮੈਂਬਰ ਵੀ ਜੋੜ ਸਕਦੀ ਹੈ। ਵਧੇਰੇ ਮੈਂਬਰ ਨੁਮਾਇੰਦਿਆਂ ਵਿੱਚੋਂ ਵੀ ਹੋ ਸਕਦੇ ਹਨ ਜਾਂ ਬਾਹਰ ਤੋਂ ਵੀ ਲਏ ਜਾ ਸਕਦੇ ਹਨ ਪਰ ਪ੍ਰਸਤਾਵ ਪੇਸ਼ ਕਰਨ ਦੀ ਜ਼ਿੰਮੇਵਾਰੀ ਪੰਜ ਮੈਂਬਰੀ ਕਮੇਟੀ ਦੀ ਹੋਵੇਗੀ, ਜਿਸ ਨੂੰ ਪੰਜ ਪ੍ਰਧਾਨੀ ਕੌਂਸਲ ਨੇ ਥਾਪਿਆ ਹੈ।

੫.੨: ਪੰਜ ਮੈਂਬਰੀ ਕਮੇਟੀ ਵੱਲੋਂ ਆਏ ਸੁਝਾਵਾਂ ਬਾਰੇ ਜੇਕਰ ਹੋਰ ਸਪੱਸ਼ਟਤਾ ਜਾਂ ਜਾਣਕਾਰੀ ਦੀ ਲੋੜ ਹੋਵੇ ਤਾਂ ਪੰਜ ਪ੍ਰਧਾਨੀ ਕੌਂਸਲ ਮੁੜ ਵਿਚਾਰ ਲਈ ਪ੍ਰਸਤਾਵ ਨੂੰ ਵਾਪਸ ਭੇਜ ਸਕਦੀ ਹੈ।

੫.੩: ਕੋਈ ਵੀ ਪ੍ਰਵਾਨਗੀ ਜਾਂ ਪੰਥਕ ਮਤਾ ਤਾਂ ਹੀ ਪਾਸ ਮੰਨਿਆ ਜਾਵੇਗਾ, ਜਦੋਂ ਪੰਜ ਪ੍ਰਧਾਨੀ ਕੌਂਸਲ ਦੇ ਪੰਜ ਪਿਆਰੇ ਉਸ ਨਾਲ ਸਰਬ-ਸੰਮਤੀ ਬਨਾਉਣਗੇ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਚਾਨਣ ਵਿੱਚ ਵਿਚਾਰ-ਵਟਾਂਦਰਾ ਕਰਨਗੇ। ਇਸ ਨਾਲ ਸਰਬੱਤ ਖਾਲਸਾ ਜਥੇਬੰਦੀ ਬਹੁ-ਮੱਤਵਾਦ ਤੋਂ ਵੀ ਬਚੀ ਰਹੇਗੀ।

੫.੪: ਪੰਜ ਪ੍ਰਧਾਨੀ ਕੌਂਸਲ ਵਿੱਚ ਸਰਬ-ਸੰਮਤੀ ਨਾ ਬਣਨ ਦੇ ਹਾਲਾਤ ਵਿੱਚ ਪੰਜ ਪਿਆਰੇ ਆਪਣਾ ਪੱਖ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਚਾਨਣ ਵਿੱਚ ਲਿਖਤੀ ਰੂਪ ਵਿੱਚ, ਸਰਬੱਤ ਖਾਲਸੇ ਦੇ ਸਾਹਮਣੇ ਰੱਖਣਗੇ। ਇਸ ਮਸਲੇ ਨੂੰ ਅਗਲੇ ਥਾਪੇ ਗਏ ਪੰਜ ਪ੍ਰਧਾਨੀ ਕੌਂਸਲ ਦੇ ਪੰਜ ਪਿਆਰੇ ਮੁੜ ਵਿਚਾਰ ਅਧੀਨ ਲਿਆ ਸਕਦੇ ਹਨ ਅਤੇ ਜੇ ਸਰਬ-ਸੰਮਤੀ ਬਣ ਜਾਵੇ ਤਾਂ ਪੰਥਕ ਮਤਾ ਪੇਸ਼ ਕਰ ਸਕਦੇ ਹਨ।

੬. ਸਿੱਖ ਸੰਸਥਾਵਾਂ ਦੀ ਰਜਿਸਟ੍ਰੇਸ਼ਨ ਲਈ ਯੋਗਤਾ ਦਾ ਮਿਆਰ:

੬.੧: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੂਰਾ ਗੁਰੂ ਮੰਨਣ ਵਾਲ਼ਿਆਂ, ਦਸ ਗੁਰੂ ਸਾਹਿਬਾਨ ਦੀ ਨਿਰੰਤਰਤਾ ਅਤੇ ਖੰਡੇ-ਬਾਟੇ ਦੀ ਪਾਹੁਲ 'ਤੇ ਪੂਰਨ ਨਿਸ਼ਚਾ ਰੱਖਣ ਵਾਲੀਆਂ ਸਿੱਖ ਸੰਸਥਾਂਵਾਂ ਅਤੇ ਪ੍ਰਬੰਧਕ ਕਮੇਟੀਆਂ।

੬.੨: ਉਹ ਸਿੱਖ ਸੰਸਥਾਂਵਾ ਜਾਂ ਪ੍ਰਬੰਧਕ ਕਮੇਟੀਆਂ, ਜਿਸ ਦੇ ਪ੍ਰਬੰਧਕੀ ਢਾਂਚੇ ਜਾਂ ਮੁਖੀ ਨੂੰ ਬਿਨਾਂ ਰਾਜਸੀ ਦਖਲਅੰਦਾਜ਼ੀ ਦੇ ਅਤੇ ਡੇਰਾਵਾਦ ਦਾ ਪ੍ਰਚਾਰ ਕੀਤੇ ਬਿਨਾਂ ਨਿਰਧਾਰਤ ਨਿਯਮਾਂ ਅਨੁਸਾਰ ਚੁਣਿਆ ਜਾਂਦਾ ਹੈ।

(ਡੇਰਾਵਾਦ: ਸਿੱਖ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਦਾ ਸਰਵ-ਉਚ ਹੈ ਜਦ ਕਿ ਡੇਰਾਵਾਦ ਉਹ ਵਿਵਸਥਾ ਹੈ ਜਿੱਥੇ ਕਿਸੇ ਵਿਅਕਤੀ ਦੀਆਂ ਸਿੱਖਿਆਵਾਂ ਅਤੇ ਆਦੇਸ਼ਾਂ ਨੂੰ ਹੀ ਜੀਵਨ ਦਾ ਆਧਾਰ ਬਣਾ ਲਿਆ ਜਾਂਦਾ ਹੈ। ਡੇਰੇ ਵੱਲੋਂ ਇਹ ਭਰਮ ਪਾਇਆ ਜਾਂਦਾ ਕਿ ਉਹਨਾਂ ਵੱਲੋਂ ਸਥਾਪਤ ਗੁਰਬਾਣੀ ਵਿਆਖਿਆ ਪ੍ਰਣਾਲੀ, ਰੀਤ (ਜਾਂ ਮਰਯਾਦਾ) ਸ਼੍ਰੋਮਣੀ ਹੈ।)

੭. ਸਰਬੱਤ ਖਾਲਸਾ ਪੰਚਾਇਤ ਦੇ ਨੁਮਾਇੰਦਿਆਂ ਦੀਆਂ ਨਾਮਜ਼ਦਗੀਆਂ ਲਈ ਯੋਗਤਾ ਦਾ ਮਿਆਰ:

੭.੧: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੂਰਾ ਗੁਰੂ ਮੰਨਣ ਵਾਲੇ, ਦਸ ਗੁਰੂ ਸਾਹਿਬਾਨ ਦੀ ਨਿਰੰਤਰਤਾ ਅਤੇ ਖੰਡੇ-ਬਾਟੇ ਦੀ ਪਾਹੁਲ 'ਤੇ ਪੂਰਨ ਨਿਸ਼ਚਾ ਰਖਣ ਵਾਲੇ ਸਾਬਤ-ਸੂਰਤ ਸਿੰਘ ਜਾਂ ਸਿੰਘਣੀਆਂ।

੭.੨: ਸਿੰਘ ਜਾਂ ਸਿੰਘਣੀ ੩.੩.iii ਵਿੱਚ ਦਰਜ ਕਿਸੇ ਨਾ ਕਿਸੇ ਕਿੱਤੇ ਵਿੱਚ ਨਿਪੁੰਨਤਾ ਰੱਖਦਾ / ਰੱਖਦੀ ਹੋਵੇ।

੭.੩: ਨਾਮਜ਼ਦ ਉਮੀਦਵਾਰ ਕਿਸੇ ਰਾਜਨੀਤਕ ਪਾਰਟੀ ਦਾ ਅਹੁਦੇਦਾਰ ਨਾ ਹੋਵੇ।

(ਨਾਮਜ਼ਦ ਵਿਅਕਤੀਆਂ ਕੋਲ ਨਿਮਰਤਾ ਦੇ ਨਾਲ-ਨਾਲ ਨਿਰਭਉ ਅਤੇ ਨਿਰਵੈਰਤਾ ਵਾਲ਼ੇ ਦੇ ਗੁਣਾਂ ਦੁਆਰਾ ਅਗਵਾਈ ਕਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ।)

੮. ਨਿਰੰਤਰ ਸੁਧਾਰ:

ਸਰਬੱਤ ਖਾਲਸਾ ਜਥੇਬੰਦੀ ਦੇ ਕਾਰਜ ਵਿਧੀ ਵਿੱਚ ਸੁਧਾਰਾਂ ਲਈ, ਜੇ ਲੋੜ ਹੋਵੇ, ਪੰਜ ਪ੍ਰਧਾਨੀ ਕੌਂਸਲ ਦੀ ਨਿਗਰਾਨੀ ਹੇਠ ਪੰਜ ਮੈਂਬਰੀ ਕਮੇਟੀ ਦਾ ਗਠਨ ਹੋਵੇਗਾ (ਹਵਾਲਾ: ਧਾਰਾ ੫), ਜੋ ਲੋੜੀਂਦੀਆਂ ਸੋਧਾਂ ਦੇ ਪ੍ਰਸਤਾਵ ਤੇ ਕੰਮ ਕਰੇਗੀ। ਪ੍ਰਸਤਾਵਿਤ ਸੋਧਾਂ ਸਰਬੱਤ ਖਾਲਸਾ ਪੰਚਾਇਤ ਦੇ ਨੁਮਾਇੰਦਿਆਂ ਨਾਲ ਉਨ੍ਹਾਂ ਦੇ ਸੁਝਾਅ ਲਈ ਸਾਂਝੀਆਂ ਕੀਤੀਆਂ ਜਾਣਗੀਆਂ। ਪੰਜ ਪ੍ਰਧਾਨੀ ਕੌਂਸਲ ਦੁਆਰਾ ਇਸ ਦੀ ਪੜਚੋਲ ਕੀਤੀ ਜਾਵੇਗੀ ਅਤੇ ਸਰਬੱਤ ਖ਼ਾਲਸਾ ਪੰਚਾਇਤ ਦੇ ਨੁਮਾਇੰਦਿਆਂ ਦੀ ਮੀਟਿੰਗ ਬੁਲਾ ਕੇ ਪੰਜ ਪ੍ਰਧਾਨੀ ਕੌਂਸਲ ਵੱਲੋਂ ਪ੍ਰਵਾਨਗੀ ਦਿੱਤੀ ਜਾਵੇਗੀ। ਸਿਧਾਂਤ ਦੀ ਸਥਿਰਤਾ, ਕਾਰਵਾਈ ਵਿਚ ਪਾਰਦਰਸ਼ਤਾ, ਸੰਗਤ ਦੀ ਨੁਮਾਇੰਦਗੀ ਵਿੱਚ ਸੁਧਾਰ ਅਤੇ ਸਰਬੱਤ ਖ਼ਾਲਸਾ ਦੀ ਪ੍ਰਭੂਸੱਤਾ ਨੂੰ ਬਰਕਰਾਰ ਰੱਖਣਾ, ਸੁਧਾਰ ਲਈ ਪ੍ਰਸਤਾਵਾਂ ਅਤੇ ਪ੍ਰਵਾਨਤ ਸੋਧਾਂ ਲਈ ਮਾਰਗ-ਦਰਸ਼ਕ ਅਕੀਦਾ ਹੋਣਾ ਚਾਹੀਦਾ ਹੈ।

੯. ਪ੍ਰਕਿਰਿਆ ਦੇ ਪ੍ਰਵਾਹ ਲਈ ਸਮਾਂ-ਸੂਚੀ:

੯.੧: ਸੇਵਾ ਕਰ ਰਹੀ ਪੰਜ ਪ੍ਰਧਾਨੀ ਕੌਂਸਲ ਵੱਲੋਂ ਪੰਜ ਸਾਲ ਦਾ ਕਾਰਜਕਾਲ ਪੂਰਾ ਕਰ ਚੁੱਕੇ ਮੈਂਬਰਾਂ ਦੀ ਥਾਂ ਲੈਣ ਲਈ ਗੁਰਸਿੱਖ ਕੋਰ ਕਮੇਟੀ ਦੇ ਦਸ ਨਵੇਂ ਮੈਂਬਰ ਚੁਣੇ ਜਾਂਦੇ ਹਨ। ਇਹ ਪ੍ਰਕਿਰਿਆ ਪੰਜ ਪ੍ਰਧਾਨੀ ਕੌਂਸਲ ਦੀ ਚੋਣ ਤੋਂ ਛੇ ਮਹੀਨੇ ਪਹਿਲਾਂ ਕੀਤੀ ਜਾਂਦੀ ਹੈ। ਇਹ ਪੰਜਵੇਂ ਸਾਲ ਦੇ 15 ਅਕਤੂਬਰ (ਨਾਨਕਸ਼ਾਹੀ ਕੈਲੰਡਰ ਅਨੁਸਾਰ ੧ ਕੱਤਕ) ਦੀ ਮਿਤੀ ਹੈ। (ਹਵਾਲਾ: ਧਾਰਾ ੩.੬)

੯.੨: ਗੁਰਸਿੱਖ ਕੋਰ ਕਮੇਟੀ 14 ਅਪ੍ਰੈਲ (ਨਾਨਕਸ਼ਾਹੀ ਕੈਲੰਡਰ ਅਨੁਸਾਰ ੧ ਵੈਸਾਖ) ਨੂੰ ਪੰਜ ਪਿਆਰਿਆਂ ਦੇ ਨਾਵਾਂ ਵਿੱਚੋਂ ਤਿੰਨ ਨਾਵਾਂ ਦਾ ਐਲਾਨ ਕਰੇਗੀ, ਬਾਕੀ ਦੋ ਪਿਛਲੀ ਮਿਆਦ ਦੇ ਸਰਬੱਤ ਖਾਲਸਾ ਵਿੱਚੋਂ ਹੋਣਗੇ, ਜਿਨ੍ਹਾਂ ਦੀ ਪੰਜ ਸਾਲਾ ਮਿਆਦ ਅਜੇ ਖਤਮ ਨਹੀਂ ਹੋਈ। ਇਸ ਮਿਤੀ ਨੂੰ ਪੰਜ ਪ੍ਰਧਾਨੀ ਕੌਂਸਲ ਦੇ ਕਾਰਜਕਾਲ ਦੇ ਪਹਿਲੇ ਸਾਲ ਵਜੋਂ ਮੰਨਿਆ ਜਾਵੇਗਾ। (ਹਵਾਲਾ: ਧਾਰਾ ੩.੮.i)

੯.੩: ਸੇਵਾ ਕਰ ਰਹੀ ਪੰਜ ਪ੍ਰਧਾਨੀ ਕੌਂਸਲ ਵੱਲੋਂ ਪੰਜ ਸਾਲ ਦਾ ਕਾਰਜਕਾਲ ਪੂਰਾ ਕਰ ਚੁੱਕੇ ਮੈਂਬਰਾਂ ਦੀ ਥਾਂ ਲੈਣ ਲਈ ਗੁਰਸਿੱਖ ਕੋਰ ਕਮੇਟੀ ਦੇ ਪੰਦਰਾਂ ਨਵੇਂ ਮੈਂਬਰ ਚੁਣੇ ਜਾਂਦੇ ਹਨ। ਇਹ ਪ੍ਰਕਿਰਿਆ ਪੰਜ ਪ੍ਰਧਾਨੀ ਕੌਂਸਲ ਦੀ ਚੋਣ ਤੋਂ ਛੇ ਮਹੀਨੇ ਪਹਿਲਾਂ ਕੀਤੀ ਜਾਵੇਗੀ। ਇਹ ਤੀਜੇ ਸਾਲ ਦੇ 15 ਜੂਨ (ਨਾਨਕਸ਼ਾਹੀ ਕੈਲੰਡਰ ਅਨੁਸਾਰ ੧ ਹਾੜ) ਦੀ ਮਿਤੀ ਹੈ। (ਹਵਾਲਾ: ਧਾਰਾ ੩.੬)

੯.੪: ਗੁਰਸਿੱਖ ਕੋਰ ਕਮੇਟੀ ਤੀਜੇ ਸਾਲ ਦੀ 1 ਦਸੰਬਰ ਤੱਕ ਪੰਜ ਪ੍ਰਧਾਨੀ ਕੌਂਸਲ ਵਾਸਤੇ ਪੰਜ ਪਿਆਰਿਆਂ ਲਈ ਦੋ ਨਵੇਂ ਨਾਵਾਂ ਤੇ ਸਹਿਮਤੀ ਬਣਾਵੇਗੀ। ਇਹਨਾਂ ਦੋ ਦੀ ਮਿਆਦ 14 ਦਸੰਬਰ (ਨਾਨਕਸ਼ਾਹੀ ਕੈਲੰਡਰ ਅਨੁਸਾਰ ੧ ਪੋਹ) ਤੋਂ ਸ਼ੁਰੂ ਹੋ ਜਾਵੇਗੀ। (ਹਵਾਲਾ: ਧਾਰਾ ੩.੮.ii)

੧੨. ਜਥੇਬੰਦੀ ਦੀ ਬਣਤਰ ਦਾ ਤਸਵੀਰੀ ਨਿਰੂਪਣ:

OrgStructurePun


ਇਹ ਵਿਧਾਨ 14 ਮਾਰਚ 2026 (੧ ਚੇਤ, ਨਾਨਕਸ਼ਾਹੀ ੫੫੮) ਨੂੰ ਸਰਬੱਤ ਖ਼ਾਲਸਾ ਪੰਚਾਇਤ ਦੇ ਨੁਮਾਇੰਦਿਆਂ ਦੀ ਮੀਟਿੰਗ ਵਿੱਚ ਪੰਜ ਪ੍ਰਧਾਨੀ ਕੌਂਸਲ ਦੁਆਰਾ ਸਰਬਸੰਮਤੀ ਨਾਲ ਮਨਜ਼ੂਰ ਕੀਤਾ ਗਿਆ:
ਸ: ਨਿਰਮਲ ਸਿੰਘ (ਵਿਕਟੋਰੀਆ ਕੈਨੇਡਾ), ਸ: ਗੁਰਪ੍ਰੀਤ ਸਿੰਘ ਜੀਪੀ (ਬਹਿਰੀਨ), ਡਾ: ਖੁਸ਼ਹਾਲ ਸਿੰਘ (ਚੰਡੀਗੜ), ਗਿਆਨੀ ਅੰਮ੍ਰਿਤਪਾਲ ਸਿੰਘ (ਲੁਧਿਆਣਾ), ਸ: ਸਤਬੀਰ ਸਿੰਘ (ਦਿੱਲੀ)