ਸਰਬੱਤ ਖਾਲਸਾ ਜਥੇਬੰਦੀ ਗੁਰਮਤਿ ਦੇ ਚਾਨਣ ਵਿੱਚ ਪੰਚ-ਪ੍ਰਧਾਨੀ ਸੰਕਲਪ ਨੂੰ ਰੂਪਮਾਨ ਕਰਦੀ ਇੱਕ ਖੁਦਮੁਖਤਿਆਰ ਸੰਸਥਾ ਹੈ, ਜੋ ਕਿਸੇ ਖਾਸ ਦੇਸ਼-ਸਥਾਨ ਨਾਲ ਬੱਝੇ ਬਿਨਾ, ਪੂਰਨ ਪਾਰਦਰਸ਼ਤਾ ਨਾਲ ਦੁਨੀਆਂ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ।
ਰਾਜਸੀ ਦਖਲਅੰਦਾਜ਼ੀ ਕਾਰਨ ਸਿੱਖ ਸੰਸਥਾਵਾਂ ਵਿੱਚ ਆਏ ਨਿਘਾਰ ਤੋਂ ਹਰ ਸੰਜੀਦਾ ਸਿੱਖ ਚਿੰਤਤ ਹੈ। ਹਾਲੀਆ ਸਮੇਂ ਵਿੱਚ ਜੋ ਵੀ ਉਪਰਾਲੇ ਹੋਏ ਹਨ, ਇਹ ਸਭ ਬੁਨਿਆਦੀ ਤੌਰ ਤੇ ਸਿੱਖ ਜਗਤ ਦੇ ਜਥੇਬੰਦਕ ਕੇਂਦਰਅਤੇ ਇਤਿਹਾਸਕ ਸਥਾਨ, ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਦੀ ਅਜ਼ਾਦੀ ਨੂੰ ਮੁੱਖ ਰੱਖਕੇ ਕੀਤੇ ਯਤਨ ਹਨ। ਇਸ ਬਿਰਤਾਂਤ ਨਾਲ ਇਹ ਧਾਰਨਾ ਬੱਝਦੀ ਹੈ ਕਿ ਜਿਸਦੇ ਕਬਜ਼ੇ ਵਿਚ ਅਕਾਲ ਤਖ਼ਤ ਦਾ ਜਥੇਬੰਦਕ ਇਤਿਹਾਸਕ ਸਥਾਨ ਹੈ, ਪੰਥ ਦੀ ਵਾਗਡੋਰ ਉਸੇ ਦੇ ਹੱਥ ਵਿੱਚ ਹੈ। ਇਹ ਸੋਚ ਪੰਥ ਵਿਰੋਧੀ ਸ਼ਕਤੀਆਂ ਦੇ ਹੱਕ ਵਿੱਚ ਜਾਂਦੀ ਹੈ, ਕਿਉਂਕਿ ਸੱਤਾਧਾਰੀ ਧਿਰ ਲਈ ਕਿਸੇ 'ਸਥਾਨ' ਤੇ ਕਾਬਜ਼ ਹੋਣਾ ਹਮੇਸ਼ਾ ਹੀ ਸੌਖਾ ਹੁੰਦਾ ਹੈ। ਇਹ ਬਿਰਤਾਂਤ ਪੁਜਾਰੀ ਅਤੇ ਸਿਆਸਤਦਾਨ ਦੇ ਨਾਪਾਕ ਗਠਜੋੜ ਦੇ ਹੱਕ ਵਿੱਚ ਜਾਂਦਾ ਹੈ। ਜ਼ਰੂਰਤ ਇਸ ਬਿਰਤਾਂਤ ਤੋਂ ਮੁਕਤ ਹੋਣ ਦੀ ਹੈ। ਜ਼ਰੂਰਤ ਹੈ ਗੁਰੂ ਸਾਹਿਬਾਨ ਵੱਲੋਂ ਪਾਏ ਪੂਰਨਿਆਂ ਅਨੁਸਾਰ ਇਹ ਧਾਰਨਾ ਮੁੜ ਸੁਰਜੀਤ ਕਰਨ ਦੀ ਕਿ ਇਤਿਹਾਸਕ ਜਾਂ ਧਾਰਮਕ ਅਸਥਾਨਾਂ ਉੱਤੇ ਕਾਬਜ਼ ਹੋਣ ਨਾਲ ਅਕਾਲ ਤਖ਼ਤ ਨੂੰ ਕੋਈ ਆਪਣੇ ਅਧੀਨ ਨਹੀਂ ਕਰ ਸਕਦਾ, ਕਿਉਂਕੀ ਮੀਰੀ-ਪੀਰੀ ਦਾ ਗੁਰਮਤੀ 'ਸਿਧਾਂਤ,' ਗੁਰੂ ਵਾਂਗ ਕਿਸੇ ਧਿਰ ਦਾ ਗ਼ੁਲਾਮ ਨਹੀਂ। ਗੁਰੂ ਸਾਹਿਬਾਨ ਦੇ ਸਤਾਰ੍ਹਵੀਂ ਸਦੀ ਦੇ ਲਾਸਾਨੀ ਇਤਿਹਾਸ ਦੇ ਬਾਵਜੂਦ ਅਸੀਂ ਕਿਉਂ ਇਸ ਨੂੰ ਸਮਝ ਨਹੀਂ ਪਾ ਰਹੇ?
ਅਠਾਰ੍ਹਵੀਂ ਸਦੀ ਵੇਲੇ ਸੰਘਰਸ਼ੀ ਸਿੱਖਾਂ ਦਾ ਧਾਰਮਕ ਸਥਾਨਾਂ ਦੀ ਸੁਰੱਖਿਆ ਦਾ ਮੁੱਖ ਬਿੰਦੂ, ਮੁਗਲ-ਅਫ਼ਗਾਨ ਹਮਲਿਆਂ ਦੇ ਪ੍ਰਤੀਕਰਮ ਵਿੱਚੋਂ ਨਿਕਲਿਆ ਸੀ। ਅਜੋਕਾ ਸਮਾਂ ਗੁਰੂ ਸਾਹਿਬਾਨ ਦੇ ਇਤਿਹਾਸ ਤੋਂ ਸੇਧ ਲੈਣ ਦੀ ਮੰਗ ਕਰਦਾ ਹੈ। ਸਤਾਰ੍ਹਵੀਂ ਸਦੀ ਵਿੱਚ ਗੁਰੂ ਸਾਹਿਬਾਨ ਵੱਲੋਂ ਗੁਰਮਤਿ ਸਿਧਾਂਤਾਂ ਨੂੰ ਸੰਸਥਾਪਕ ਰੂਪ ਦੇਕੇ ਸਿੱਖ ਸਮਾਜ ਨੂੰ ਪੁਜਾਰੀਵਾਦ ਦੇ ਗ਼ਲਬੇ ਤੋਂ ਮੁਕਤ ਕਰਵਾਉਣਾ ਮੁੱਖ ਬਿੰਦੂ ਰਿਹਾ ਹੈ। ਪੁਜਾਰੀ ਦਾ ਸਮਾਜ ਤੇ ਕਬਜ਼ਾ ਹਮੇਸ਼ਾ ਉਜਾੜੇ ਦਾ ਕਾਰਨ ਬਣਦਾ ਹੈ:
ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥
ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥ (ਮਹਲਾ ੧, ਪੰਨਾ ੬੬੨)
ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਵੱਲੋਂ ਅਕਾਲ ਬੁੰਗੇ (ਅਕਾਲ ਤਖ਼ਤ) ਦੇ ਨਿਰਮਾਣ ਨੇ ਮੀਰੀ-ਪੀਰੀ ਦੇ ਸਿਧਾਂਤ ਨੂੰ ਰੂਪਮਾਨ ਕੀਤਾ ਸੀ। ਪਰ ਜਲਦ ਹੀ ਛੇਵੇਂ ਪਾਤਸ਼ਾਹ ਨੇ ਸਿੱਖੀ ਦਾ ਕੇਂਦਰ, ਕੀਰਤਪੁਰ ਸਥਾਪਤ ਕਰ ਦਿੱਤਾ। ਛੇਵੇਂ ਪਾਤਸ਼ਾਹ ਤੋਂ ਬਾਅਦ ਕੋਈ ਵੀ ਗੁਰੂ ਸਾਹਿਬਾਨ ਅਕਾਲ ਬੁੰਗੇ ਨਹੀਂ ਗਏ। ਇਸ ਉੱਪਰ ਸਰਕਾਰੀ ਧਿਰ ਦੀ ਮੱਦਦ ਨਾਲ ਪੁਜਾਰੀਆਂ ਦਾ ਕਬਜ਼ਾ ਗੁਰੂ ਕਾਲ ਵਿੱਚ ਹੀ ਹੋ ਗਿਆ ਸੀ। ਜਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅੰਮ੍ਰਿਤਸਰ ਪਹੁੰਚੇ, ਤਾਂ ਪੁਜਾਰੀਆਂ ਨੇ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਲਏ। ਗੁਰੂ ਸਾਹਿਬ ਕਾਫ਼ੀ ਚਿਰ ਦਰਵਾਜ਼ੇ ਖੁੱਲ੍ਹਣ ਦੀ ਉਡੀਕ ਕਰਨ ਉਪਰੰਤ, ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਬਗੈਰ ਉਥੋਂ ਪਰਤ ਆਏ। ਉਹਨਾ ਦੇ ਨਾਲ ਸ਼ਸਤਰਧਾਰੀ ਸਿੱਖ ਸਨ, ਪਰ ਉਹਨਾ ਸਿੱਖਾਂ ਨੂੰ ਟਕਰਾਅ ਜਾਂ ਜ਼ੋਰ ਨਾਲ ਕਾਬਜ਼ ਹੋਣ ਤੋਂ ਮਨ੍ਹਾ ਕਰ ਦਿੱਤਾ। ਜ਼ੋਰ ਨਾਲ ਆਰਜ਼ੀ ਤੌਰ ਤੇ ਕਾਬਜ਼ ਤਾਂ ਹੋਇਆ ਜਾ ਸਕਦਾ ਸੀ ਪਰ ਇਹ ਦੁਸ਼ਮਨ ਦੇ ਹੱਕ ਵਿੱਚ ਜਾਣਾ ਸੀ। ਕਿਉਂਕਿ ਇਸ ਨਾਲ ਪ੍ਰਭਾਵ ਇਹ ਹੀ ਜਾਣਾ ਸੀ ਕਿ ਗੁਰੂ ਵਾਸਤੇ ਕਿਸੇ ਖਾਸ ਇਤਿਹਾਸਕ ਸਥਾਨ ਤੇ ਕਾਬਜ਼ ਹੋਣਾ ਬਹੁਤ ਜ਼ਰੂਰੀ ਹੈ। ਪ੍ਰਿਥੀ ਚੰਦ ਦੀ ਔਲਾਦ ਵੀ ਸੰਗਤ ਵਿੱਚ ਇਹੀ ਪ੍ਰਭਾਵ ਪਾਉਣਾ ਚਾਹੁੰਦੀ ਸੀ, ਕਿ ਕਿਉਂਕਿ ਦਰਬਾਰ ਸਾਹਿਬ ਅਤੇ ਅਕਾਲ ਬੁੰਗੇ ਦਾ ਕਬਜ਼ਾ ਉਹਨਾ ਕੋਲ਼ ਹੈ, ਇਸ ਲਈ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਉਹ ਹਨ। ਅੱਜ ਦੇ ਕਾਬਜ਼ ਹਾਕਮ ਵੀ ਤਾਂ ਇਹੀ ਦੱਸਣਾ ਚਾਹੁੰਦੇ ਹਨ। ਪਰ ਗੁਰੂਆਂ ਨੇ ਸਿਧਾਂਤ ਦੀ ਸਥਿਰਤਾ ਨੂੰ ਮੁੱਖ ਰੱਖਿਆ।
ਪੰਜ ਪਿਆਰਿਆਂ ਦੇ ਰੂਪ ਵਿੱਚ ਜਿਥੇ ਉਨ੍ਹਾਂ ਮਸੰਦਾਂ, ਜੋ ਪੁਜਾਰੀ ਬਣ ਚੁਕੇ ਸਨ, ਨੂੰ ਸੰਸਥਾਪਕ ਢੰਗ ਨਾਲ ਕੱਢ ਦਿੱਤਾ ਉਥੇ ਹੀ ਸਿਧਾਂਤ ਦੀ ਕਾਇਮੀ ਲਈ ਕਿਸੇ ਸਥਾਨ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ। ਸ੍ਰੀ ਗਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਅਨੰਦਪੁਰ ਦੀ ਧਰਤੀ ਤੇ ਪ੍ਰਗਟ ਕੀਤਾ, ਅਕਾਲ ਬੁੰਗੇ ਨਹੀਂ। ਆਦਿ ਗ੍ਰੰਥ ਜੀ ਦੀ ਸੰਪੂਰਨਤਾ ਦਮਦਮਾ ਸਾਹਿਬ ਵਿੱਚ ਹੋਈ। ਸ੍ਰੀ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇਕੇ ਦੇਹਧਾਰੀ ਗੁਰੂ-ਪਰੰਪਰਾ ਦਾ ਅੰਤ ਨੰਦੇੜ ਵਿੱਖੇ ਹੋਇਆ।
ਇਹ ਨਹੀਂ ਭੁਲਣਾ ਚਾਹੀਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਥੋੜ੍ਹੇ ਸਮੇਂ ਵਿੱਚ ਹੀ ਖਾਲਸੇ ਨੇ ਬੇਮਿਸਾਲ ਜਿੱਤਾਂ ਹਾਸਲ ਕੀਤੀਆਂ ਸਨ, ਜ਼ਾਲਮਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਪਹਿਲਾ ਖਾਲਸਾ ਰਾਜ ਸਥਾਪਤ ਕੀਤਾ। ਇਸ ਸਮੇਂ ਦੌਰਾਨ ਵੀ ਅਕਾਲ ਬੁੰਗਾ ਪੁਜਾਰੀਆਂ ਦੇ ਅਧੀਨ ਹੀ ਰਿਹਾ। ਬਾਬਾ ਜੀ ਇੱਕ ਵਾਰ ਵੀ ਅਕਾਲ ਬੁੰਗੇ ਨਹੀਂ ਗਏ।
ਜੇਕਰ ਸਤਵੇਂ, ਅਠਵੇਂ, ਨੌਵੇਂ ਅਤੇ ਦਸਵੇਂ ਪਾਤਸ਼ਾਹ ਅਤੇ ਫ਼ਿਰ ਬਾਬਾ ਬੰਦਾ ਸਿੰਘ ਬਹਾਦਰ ਵਿੱਚੋਂ ਕੋਈ ਵੀ ਅਕਾਲ ਬੁੰਗੇ ਨਹੀਂ ਗਿਆ, ਤਾਂ ਕੀ ਇਸ ਲੰਮੇ ਸਮੇਂ ਦੌਰਾਨ ਸਿੱਖ-ਸੰਗਤ ਮੀਰੀ-ਪੀਰੀ ਨੂੰ ਸਮਰਪਿਤ ਨਹੀਂ ਰਹੀ? ਯਕੀਨਨ ਜਵਾਬ ਹੋਵੇਗਾ- ਸਿੱਖ ਸੰਗਤ ਹਮੇਸ਼ਾ ਹੀ ਮੀਰੀ-ਪੀਰੀ ਨੂੰ ਸਮਰਪਿਤ ਰਹੀ, ਕਿਉਂਕੀ 'ਸਥਾਨ' ਚਾਹੇ ਸਿੱਖ ਵਿਰੋਧੀ ਤਾਕਤਾਂ ਦੇ ਹੱਥ ਰਿਹਾ ਹੋਵੇ ਪਰ ਮੀਰੀ-ਪੀਰੀ ਦਾ 'ਸਿਧਾਂਤ' ਪੰਥ ਦੀ ਹਮੇਸ਼ਾਂ ਅਗਵਾਈ ਕਰਦਾ ਰਿਹਾ ਸੀ। ਇਸ ਨੁਕਤੇ ਨੂੰ ਅਗਰ ਅਸੀਂ ਸਮਝ ਜਾਈਏ ਤਾਂ ਅਜੋਕੇ ਸਮੇਂ ਵਿੱਚੋਂ ਨਿਕਲਣ ਦਾ ਰਾਹ ਮਿਲ ਸਕਦਾ ਹੈ। ਇਸ ਦੇ ਵਿਪਰੀਤ ਅਗਰ ਅਸੀਂ ਆਪਣਾ ਟੀਚਾ ਸਿਰਫ਼ ਅਕਾਲ ਤੱਖਤ ਦੇ ਇਤਿਹਾਸਕ ਸਥਾਨ ਦੀ ‘ਸੇਵਾ ਸੰਭਾਲ’ ਤਕ ਸੀਮਤ ਰੱਖਿਆ ਹੈ ਤਾਂ ਇਹ ਸਿਧਾਂਤਕ ਕਮਜ਼ੋਰੀ ਨਾ ਸਿਰਫ਼ ਸਿੱਖ ਊਰਜਾ ਨੂੰ ਦਿਸ਼ਾਹੀਣ ਕਰੇਗੀ ਬਲਕਿ ਇਹ ਪੁਜਾਰੀ-ਸਿਆਸਤਦਾਨ ਗੱਠਜੋੜ ਦੇ ਹੱਕ ਵਿੱਚ ਵੀ ਭੁਗਤੇਗੀ।
ਜਿਵੇਂ ਖੰਡੇ-ਬਾਟੇ ਦੀ ਪਾਹੁਲ ਦੀ ਸ਼ੁਰੂਆਤ ਚਾਹੇ ਅਨੰਦਪੁਰ ਤੋਂ ਹੋਈ ਪਰ ਇਸ ਦੀ ਦਾਤ ਲੈਣ ਲਈ ਅਨੰਦਪੁਰ ਵਿੱਚ ਹੋਣਾ ਲਾਜ਼ਮੀ ਨਹੀਂ, ਪੰਜ ਪਿਆਰਿਆਂ ਦਾ ਹੋਣਾ ਲਾਜ਼ਮੀ ਹੈ। ਇਸੇ ਤਰਾਂ ਗੁਰੂ ਸਾਹਿਬ ਨੇ ਅਕਾਲ ਬੁੰਗੇ ਤੋਂ ਮੀਰੀ-ਪੀਰੀ ਦਾ ਸਿਧਾਂਤ ਰੂਪਮਾਨ ਕੀਤਾ, ਪਰ ਮੀਰੀ-ਪੀਰੀ ਦੇ ਸਿਧਾਂਤ ਦੀ ਨਿਰੰਤਰਤਾ ਲਈ ਅਕਾਲ ਬੁੰਗੇ (ਅਕਾਲ ਤਖ਼ਤ) ਦੇ ਨਿਯੰਤਰਣ ਨੂੰ ਲਾਜ਼ਮੀ ਨਹੀਂ ਰੱਖਿਆ। ਇਹ ਅਤਿ ਜ਼ਰੂਰੀ ਨੁਕਤਾ ਹੈ ਜਿਸਨੂੰ ਅਮਲ ਵਿੱਚ ਲਿਆਏ ਬਗੈਰ, ਸਿੱਖ ਧਾਰਮਕ ਖੁਦ-ਮੁਖਤਿਆਰੀ ਹਾਸਲ ਨਹੀਂ ਕਰ ਪਾਉਣਗੇ।
ਇਸ ਸਮੇਂ ਹਰ ਸਿੱਖ ਕਾਰਕੁੰਨ ਦੇ ਚਿੰਤਨ, ਸਰਗਰਮੀ ਅਤੇ ਸੰਘਰਸ਼ ਦਾ ਮੁੱਖ ਉਦੇਸ਼, ਸਿੱਖ ਸੰਸਥਾਂਵਾਂ ਨੂੰ ਰਾਜਸੀ ਗਲਬੇ ਤੋਂ ਆਜ਼ਾਦ ਕਰਵਾਉਣਾ ਹੋਣਾ ਚਾਹੀਦਾ ਹੈ। ਅੱਜ ਲੋੜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਧੀਨ, ਪੰਚ-ਪ੍ਰਧਾਨੀ ਸੰਕਲਪ ਨੂੰ ਰੂਪਮਾਨ ਕਰਦੀ ਸਰਬੱਤ ਖਾਲਸਾ ਜਥੇਬੰਦੀ ਸੁਰਜੀਤ ਕਰਨ ਦੀ। ਸਰਬੱਤ ਖਾਲਸਾ ਜਥੇਬੰਦੀ ਉਸੇ ਨੂੰ ਕਿਹਾ ਜਾ ਸਕਦਾ ਹੈ ਜੋ ਖੁਦਮੁਖਤਿਆਰ ਹੋਵੇ, ਦੁਨੀਆਂ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰੇ, ਅਤੇ ਕਿਸੇ ਦੇਸ਼-ਅਸਥਾਨ ਨਾਲ ਬੱਝੀ ਨਾ ਹੋਵੇ ਤਾਂਕਿ ਰਾਜਸੀ-ਪੁਜਾਰੀ ਗਠਜੋੜ ਇਸ ਸੰਸਥਾ ਤੇ ਕਾਬਜ਼ ਨਾ ਹੋ ਸਕੇ। ਸਰਬੱਤ ਖਾਲਸਾ ਦੀ ਇਹ ਜਥੇਬੰਦੀ ਸਿੱਖ ਜਗਤ ਨੂੰ ਵੱਖ-ਵੱਖ ਮਸਲਿਆਂ ਤੇ ਯੋਗ ਅਗਵਾਈ ਦੇਣ ਦੇ ਕਾਬਲ ਹੋਵੇ, ਆਉਣ ਵਾਲੀ ਰਾਜਸੀ-ਆਜ਼ਾਦੀ ਨੂੰ ਸੰਭਾਲੇ, ਅਤੇ ਧਾਰਮਕ ਅਸਥਾਨਾ ਦੀ ਸੇਵਾ-ਸੰਭਾਲ ਗੁਰਮਤਿ ਆਸ਼ੇ ਅਨੁਸਾਰ ਕਰਨ ਦੇ ਕਾਬਲ ਹੋਵੇ।
ਸਰਬੱਤ ਖਾਲਸਾ ਦੀ ਸਫ਼ਲਤਾ, ਹੇਠ ਲਿੱਖੇ ਚਾਰ ਥੰਮ੍ਹਾਂ ਦੇ ਅਧਾਰ ਤੇ ਯਕੀਨੀ ਬਣਾਈ ਜਾ ਸਕਦੀ ਹੈ:
- ੧) ਸਿਧਾਂਤ: ਸਰਬੱਤ ਖਾਲਸਾ ਜਥੇਬੰਦੀ, ਵੱਧ ਤੋਂ ਵੱਧ ਸਿਧਾਂਤਕ ਸਾਂਝ ਦੇ ਅਧੀਨ ਇਕੱਠੇ ਹੋਏ ਸਿੱਖਾਂ ਦਾ ਸਾਂਝਾ ਮੰਚ ਹੋਵੇ।
- ੨) ਨੁਮਾਇੰਦਗੀ: ਸਰਬੱਤ ਖਾਲਸਾ ਜਥੇਬੰਦੀ, ਸਾਰੀ ਦੁਨੀਆਂ ਵਿੱਚ ਵੱਸਦੀ ਸਿੱਖ ਸੰਗਤ ਦੀ ਨੁਮਾਇੰਦਗੀ ਕਰਦੀ ਹੋਵੇ।
- ੩) ਪਾਰਦਰਸ਼ਤਾ: ਸਰਬੱਤ ਖਾਲਸਾ ਜਥੇਬੰਦੀ ਦਾ ਵਿਧੀ-ਵਿਧਾਨ, ਸਮੁਚੀ ਸਿੱਖ ਸੰਗਤ ਲਈ ਪਾਰਦਰਸ਼ੀ ਹੋਵੇ।
- ੪) ਨਿਰੰਤਰ ਸੁਧਾਰ: ਉਪਰ ਲਿੱਖੇ ਤਿੰਨ ਨੁਕਤਿਆਂ ਦੀ ਮਜ਼ਬੂਤੀ ਲਈ ਸਵੈ-ਪੜਚੋਲ ਅਤੇ ਨਿਰੰਤਰ ਸੁਧਾਰ, ਸਰਬੱਤ ਖਾਲਸਾ ਜਥੇਬੰਦੀ ਦੇ ਵਿਧੀ-ਵਿਧਾਨ ਦਾ ਹਿੱਸਾ ਹੋਵੇ।
ਇਹਨਾ ਮਿਆਰਾਂ ਰਾਹੀਂ ਪ੍ਰਗਟ ਹੋਈ ਸਰਬੱਤ ਖਾਲਸਾ ਜਥੇਬੰਦੀ ਦੇ ਨੁਮਾਇੰਦਿਆਂ ਵਿੱਚੋਂ ਪੰਜ ਪਿਆਰੇ ਥਾਪੇ ਜਾਣ। ਇਹ ਪੰਜ ਪਿਆਰੇ ਚਾਹੇ ਦੁਨੀਆਂ ਦੇ ਵੱਖ-ਵੱਖ ਦੇਸ਼-ਪ੍ਰਦੇਸ਼ ਵਿੱਚ ਰਹਿਣ, ਇਹ ਹੀ ਸਰਬੱਤ ਖਾਲਸਾ ਦੇ ਪੰਜ ਪਿਆਰੇ ਹੋਣਗੇ। ਪੰਜੇ ਪਿਆਰੇ ਬਰਾਬਰ ਹਨ, ਕਿਸੇ ਇੱਕ ਨੂੰ 'ਅਕਾਲ ਤੱਖਤ ਦਾ ਜਥੇਦਾਰ' ਨਿਯੁਕਤ ਕੀਤਾ ਜਾਣਾ ਪੰਜ ਪਿਆਰਿਆਂ ਦੀ ਸੰਸਥਾ ਨੂੰ ਬੇਅਰਥ ਬਣਾ ਦਿੰਦਾ ਹੈ ਅਤੇ ਗੁਰੂ ਦੀ ਬਰਾਬਰੀ ਕਰਨ ਤੁਲ ਹੋ ਜਾਂਦਾ ਹੈ। ਹਾਂ, ਕਿਸੇ ਖਾਸ ਕਾਰਜ ਵਾਸਤੇ ਕਿਸੇ ਇੱਕ ਨੂੰ ਪੰਜ ਪਿਆਰਿਆਂ ਵੱਲੋਂ ਜਥੇਦਾਰ ਜਾਂ ਚੇਅਰਪਰਸਨ ਨੀਯਤ ਕੀਤਾ ਜਾ ਸਕਦਾ ਹੈ। ਇਸੇ ਤਰਾਂ ਵੱਖ-ਵੱਖ ਕਾਰਜ ਅਤੇ ਪ੍ਰਾਜੈਕਟਾਂ ਦੀ ਜ਼ਿੰਮੇਵਾਰੀ ਵਾਸਤੇ ਜਥੇਦਾਰ ਹੋ ਸਕਦੇ ਹਨ ਜੋ ਪੰਜ ਪਿਆਰਿਆਂ ਨਾਲ ਆਪਣੀ ਕਮੇਟੀ ਵੱਲੋਂ ਸੰਚਾਰ ਕਰਨ।
ਪੰਜ ਪਿਆਰਿਆਂ ਦਾ ਕਾਰਜ ਖੇਤਰ, ਪੰਥਕ ਮਸਲਿਆਂ ਤੇ ਸਹਿਮਤੀ ਬਣਾਉਣ ਲਈ ਸਹਾਇਕ ਵਜੋਂ ਨਿਰਧਾਰਤ ਹੋਵੇਗਾ। ਆਮ ਸਹਿਮਤੀ ਲਈ ਪੰਜ ਪਿਆਰੇ ਸਰਬੱਤ ਖਾਲਸਾ ਦੇ ਨੁਮਾਇੰਦਿਆਂ ਵਿੱਚੋਂ ਹੀ ਵਿਸ਼ਾ ਮਾਹਰਾਂ ਦੀ ਕਮੇਟੀ ਬਣਾਉਣ ਅਤੇ ਇਸ ਕਮੇਟੀ ਦੀ ਸਲਾਹ ਨਾਲ ਸੰਗਤ ਨੂੰ ਪੰਥਕ-ਮਤਾ ਸੁਣਾਉਣ। ਹੁਕਮਨਾਮੇ ਜਾਂ ਫ਼ਤਵੇ ਸੁਣਾਉਣ ਦਾ ਅਧਿਕਾਰ ਕਿਸੇ ਕੋਲ ਨਹੀਂ ਹੋਣਾ ਚਾਹੀਦਾ।
('ਗੁਰਮੱਤਾ' ਦਾ ਅਰਥ ਗੁਰਮਤਿ ਜਾਂ ਗੁਰੂ ਦੀ ਮਤਿ ਹੈ ਜੋ ਗੁਰਬਾਣੀ ਵਿੱਚ ਹੈ। ‘ਹੁਕਮਨਾਮਾ’ ਜਾਂ ‘ਗੁਰਮੱਤਾ’ ਗੁਰੂ ਲਈ ਰਾਖਵਾਂ ਹੈ, ਕੋਈ ਬਰਾਬਰੀ ਨਹੀਂ ਕਰ ਸਕਦਾ। ਗੁਰਮਤਿ ਦੀ ਰੌਸ਼ਨੀ ਵਿੱਚ ਬਣੀ ਸਿੱਖਾਂ ਦੀ ਆਮ ਰਾਇ ਜਾਂ ਮਤੇ ਨੂੰ ਪੰਥਕ-ਮਤਾ ਕਿਹਾ ਜਾ ਸਕਦਾ ਹੈ।)
ਉਪਰ ਲਿੱਖੇ ਚਾਰ ਥੰਮਾ, ਜੋ ਸਰਬੱਤ ਖਾਲਸਾ ਜਥੇਬੰਦੀ ਨੂੰ ਸਰਗਰਮ ਜਥੇਬੰਦੀ ਬਣਾਉਣ ਵਿੱਚ ਸਹਾਈ ਹੋਣਗੇ, ਦਾ ਵਿਸਥਾਰ ਅਤੇ ਰੂਪ ਰੇਖਾ ਹੇਠ ਲਿਖੇ ਅਨੁਸਾਰ ਹੈ:
੧. ਸਿਧਾਂਤ:
ਸਾਨੂੰ ਇਹ ਮੰਨ ਕੇ ਚੱਲਣਾ ਪੈਣਾ ਹੈ ਕਿ ਬਹੁਤ ਸਾਰੇ ਮਸਲਿਆਂ ਸੰਬੰਧੀ ਸਿੱਖ ਸਮਾਜ ਵਿੱਚ ਵੱਡੇ ਮਤਭੇਦ ਹਨ। ਰਾਗਮਾਲ਼ਾ, ਦਸਮ ਗ੍ਰੰਥ, ਰਹਿਤ ਮਰਿਯਾਦਾ, ਮਾਸ, ਨਾਨਕਸ਼ਾਹੀ ਕੈਲੰਡਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁੱਧ ਛਪਾਈ ਵਰਗੇ ਕੁਛ ਅਹਿਮ ਮਸਲੇ ਹਨ। ਇਹਨਾ ਮਤਭੇਦਾਂ ਦੇ ਇੱਕ ਪੱਖ ਵਿੱਚ ਜਿੰਨੇ ਸਿੱਖ ਹਨ, ਉਤਨੇ ਹੀ ਉਸਦੇ ਦੂਜੇ ਪੱਖ ਵੱਲ ਵੀ ਹਨ। ਪੰਥ ਵਿੱਚ ਫੁੱਟ ਦਾ ਕਾਰਨ ਮਤਭੇਦ ਨਹੀਂ, ਬਲਕਿ ਹੰਕਾਰ ਵੱਸ ਇੱਕ ਦੂਜੇ ਦੇ ਮੱਤ ਨੂੰ ਨਾ ਸਹਾਰ ਪਾਉਣਾ ਅਤੇ ਪੁਜਾਰੀ ਵੱਲੋਂ ਪਾਇਆ ਉਜਾੜਾ (ਭਰਮ) ਕਾਰਨ ਹੈ। ਕਿਸੇ ਸਿੱਖ ਨੂੰ ਇਨ੍ਹਾਂ ਮਤਭੇਦਾਂ ਕਾਰਨ ਦੂਸਰੇ ਸਿੱਖ ਦੇ ਗੁਰੂ ਪ੍ਰਤੀ ਨਿਸ਼ਚੇ ਉੱਤੇ ਸਵਾਲ ਕਰਨ ਦਾ ਹੱਕ ਨਹੀਂ। ਵੱਖ-ਵੱਖ ਜਥੇਬੰਦੀਆਂ ਨਾਲ ਜੁੜੀ ਸੰਗਤ, ਜਦ ਵੱਖ-ਵੱਖ ਵਿਦਵਾਨਾ ਨੂੰ ਸਾਂਝੀ ਸਟੇਜ ਤੋਂ ਸਮਝਦਾਰੀ ਭਰੇ ਮਾਹੌਲ ਵਿੱਚ ਆਪਣੇ ਵਿਚਾਰ ਪੇਸ਼ ਕਰਦੇ ਦੇਖੇਗੀ ਤਾਂ ਪੰਥ ਵਿਚ ਆਪਸੀ ਵਿਸ਼ਵਾਸ/ਪਿਆਰ ਆਪ ਮੁਹਾਰੇ ਵਧੇਗਾ ਅਤੇ ਮਸਲਿਆਂ ਤੇ ਵਧੇਰੀ ਸਹਿਮਤੀ ਬਣਨ ਦੇ ਵੀ ਅਵਸਰ ਬਣਨਗੇ। ਆਪਣੇ ਧੜੇ ਤੋਂ ਉੱਪਰ ਨਾ ਉੱਠਦੇ ਹੋਏ ਸੰਵਾਦ ਦਾ ਮਾਹੌਲ ਵਿਗਾੜਕੇ ਅਸੀਂ ਪੰਥ ਵਿਰੋਧੀ ਭੂਮਿਕਾ 'ਚ ਆ ਜਾਂਦੇ ਹਾਂ।
ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ ॥
ਹਮਾਰਾ ਧੜਾ ਹਰਿ ਰਹਿਆ ਸਮਾਈ ॥ (ਮਹਲਾ ੪, ਪੰਨਾ ੩੬੬)
ਸਰਬੱਤ ਖਾਲਸਾ ਵੱਖ-ਵੱਖ ਵਿਚਾਰ ਰੱਖਣ ਵਾਲਿਆਂ ਲਈ ਸਾਂਝਾ ਮੰਚ ਹੋਣਾ ਚਾਹੀਦਾ ਹੈ। ਸਾਨੂੰ ਉੱਥੇ ਵੱਧ ਤੋਂ ਵੱਧ ਵਿਚਾਰਧਾਰਕ ਸਾਂਝ ਤੇ ਸਹਿਮਤੀ ਬਣਾਉਣੀ ਪਵੇਗੀ ਜੋ ਬਿਨਾ ਕਿਸੇ ਸਿਧਾਂਤਕ ਸਮਝੌਤੇ ਦੇ ਸਿੱਖ ਪੰਥ ਦੀ ਨੁਮਾਇੰਦਗੀ ਕਰੇ। ਇਹ ਸਾਂਝ ਹੇਠ ਲਿਖੇ ਨੁਕਤਿਆਂ ਤੇ ਬਣ ਸਕਦੀ ਹੈ:
i. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਪੂਰੇ ਗੁਰੂ ਹਨ:
ਸਿੱਖ ਸਮਾਜ ਵਿੱਚ ਰਾਗਮਾਲ਼ਾ ਜਾਂ ਦਸਮ ਗ੍ਰੰਥ ਤੇ ਮਤਭੇਦ ਹੋ ਸਕਦੇ ਹਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਤੇ ਤਾਂ ਸਾਰਿਆਂ ਦੀ ਪੂਰਨ ਸਹਿਮਤੀ ਹੈ। ਇਸ ਕਾਰਣ ਇਹਦੇ ਤੋਂ ਘੱਟ ਕੋਈ ਸਿਧਾਂਤਕ ਸਮਝੌਤਾ ਨਹੀਂ ਹੋ ਸਕਦਾ ਅਤੇ ਵੱਧ ਨਾਲ ਜਥੇਬੰਦਕ ਤੇ ਵਿਚਾਰਧਾਰਕ ਸਾਂਝ ਬਣ ਸਕਣੀ ਅਸੰਭਵ ਜਾਪਦੀ ਹੈ।
ii. ਸ੍ਰੀ ਗੁਰੂ ਨਾਨਕ ਜੀ ਦੇ ਦਸ ਜਾਮਿਆਂ ਦੀ ਨਿਰੰਤਰਤਾ ਵਿੱਚ ਨਿਸ਼ਚਾ:
ਗਿਣਤੀ ਵੱਜੋਂ ਗੁਰੂ-ਜਾਮੇ ਭਾਵੇਂ ਦਸ ਹੋਏ ਹਨ, ਪਰ ਉਨ੍ਹਾਂ ਵਿੱਚ ਜੋਤ ਰੂਪ ਵਿਚਾਰਧਾਰਾ ਇੱਕ ਗੁਰੂ ਨਾਨਕ ਸਾਹਿਬ ਜੀ ਦੀ ਹੀ ਸੀ। ਗੁਰੂ ਨਾਨਕ ਜੀ ਦੇ ਦਸ ਜਾਮਿਆਂ ਦੀ ਨਿਰੰਤਰਤਾ ਵਿੱਚ ਨਿਸ਼ਚਾ ਸਿੱਖ ਸਮਾਜ ਦੇ ਵਜੂਦ ਦਾ ਮੁੱਖ ਅਧਾਰ ਹੈ। ਇਸ ਤੋਂ ਘੱਟ ਉਹਨਾ ਅਨਮੱਤੀਆਂ ਲਈ ਰਾਹ ਖੁਲ੍ਹ ਜਾਂਦਾ ਹੈ ਜੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਵਿੱਚ ਵਿਸ਼ਵਾਸ ਰੱਖਣ ਦਾ ਤਾਂ ਦਮ ਭਰਦੇ ਹਨ ਪਰ ਬਾਕੀ ਨੌਂ ਗੁਰੂ ਸਾਹਿਬਾਨ ਨਾਲ ਖੁਦ ਨੂੰ ਨਹੀਂ ਜੋੜਦੇ। ਇਸ ਤੋਂ ਅਗਲੀ ਸ਼੍ਰੇਣੀ ਉਨ੍ਹਾਂ ਗੁਰੂ-ਦੰਭੀਆਂ ਦੀ ਹੈ ਜਿਨ੍ਹਾਂ ਝੂਠੇ ਇਤਿਹਾਸ ਦੇ ਸਹਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਵੀ ਦੇਹਧਾਰੀ ਗੁਰੂ ਡੰਮ ਚਲਾ ਰੱਖਿਆ ਹੈ। ਇਸ ਕਾਰਨ ਦਸ ਗੁਰੂ ਸਾਹਿਬਾਨ ਦੀ ਨਿਰੰਤਰਤਾ ਨੂੰ ਦਰਜ ਕਰਨਾ ਸਿਧਾਂਤਕ ਸਪੱਸ਼ਟਤਾ ਲਈ ਜ਼ਰੂਰੀ ਹੋ ਜਾਂਦਾ ਹੈ।
iii. ਸਿੱਖ ਦਾ ਖੰਡੇ-ਬਾਟੇ ਦੀ ਪਾਹੁਲ ਤੇ ਪੂਰਨ ਨਿਸ਼ਚਾ:
ਸਿੱਖ ਸਮਾਜ ਵਿੱਚ ਰਹਿਤ ਮਰਯਾਦਾ ਜਾਂ ਨਿਤਨੇਮ ਦੀ ਬਾਣੀਆਂ ਤੇ ਮਤਭੇਦ ਹੋ ਸਕਦੇ ਹਨ ਪਰ ਖੰਡੇ-ਬਾਟੇ ਦੀ ਪਾਹੁਲ ਤੇ ਤਾਂ ਸਹਿਮਤੀ ਬਣ ਸਕਦੀ ਹੈ ਚਾਹੇ ਕੋਈ ਕਿਸੇ ਵੀ ਮਰਯਾਦਾ ਨੂੰ ਮੰਨੇ। ਇਸ ਤੋਂ ਘੱਟ ਕਿਸੇ ਵੀ ਪੰਜ ਕਕਾਰੀ ਰਹਿਤ ਰੱਖਣ ਵਾਲੇ ਵਿਅਕਤੀ ਜਾਂ ਸੰਸਥਾ ਨਾਲ ਜਥੇਬੰਦਕ ਸਮਝੌਤਾ ਹੋਣਾ ਮੁਸ਼ਕਲ ਹੈ ਅਤੇ ਇਸ ਤੋਂ ਵੱਧ ਦੀ ਆਸ ਨਾਲ ਵਿਚਾਰਧਾਰਕ ਸਾਂਝ ਬਣ ਸਕਣੀ ਵੀ ਅਸੰਭਵ ਲਗਦੀ ਹੈ।
ਉਪਰ ਲਿਖੀ ਵਿਚਾਰ ਅਨੁਸਾਰ ਸਰਬੱਤ ਖਾਲਸਾ ਲਈ ‘ਵੱਧ ਤੋਂ ਵੱਧ ਸਿਧਾਂਤਕ ਸਾਂਝ’ ਇਹ ਹੋਵੇਗੀ:
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੂਰਾ ਗੁਰੂ ਮੰਨਣ ਵਾਲੇ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੋਤਿ-ਸਰੂਪ ਦਸਾਂ ਜਾਮਿਆਂ ਦੀ ਨਿਰੰਤਰਤਾ ਅਤੇ ਖੰਡੇ-ਬਾਟੇ ਦੀ ਪਾਹੁਲ ਤੇ ਪੂਰਨ ਨਿਸ਼ਚਾ ਰਖਣ ਵਾਲੇ ਦੁਨੀਆਂ ਭਰ ਦੇ ਗੁਰਸਿੱਖ ਇਸਤਰੀ-ਪੁਰਖਾਂ ਦੇ ਸਾਂਝੇ ਮੰਚ ਨੂੰ ਸਰਬੱਤ ਖਾਲਸਾ ਜਥੇਬੰਦੀ ਕਹਿੰਦੇ ਹਨ।
੨. ਨੁਮਾਇੰਦਗੀ:
ਸਰਬੱਤ ਖਾਲਸਾ ਜਥੇਬੰਦੀ ਦੇ ਨੁਮਾਇੰਦੇ ਵੱਖ-ਵੱਖ ਦੇਸ਼, ਸੂਬੇ ਅਤੇ ਕਿੱਤਿਆਂ ਦੇ ਮਾਹਰ ਅਤੇ ਖੰਡੇ-ਬਾਟੇ ਦੀ ਪਾਹੁਲ ਦੇ ਧਾਰਨੀ ਸਿਦਕੀ ਸਿੱਖ ਹੋਣ। ਜ਼ਰੂਰੀ ਕਿੱਤਿਆਂ ਦੀ ਚੋਣ ਕਰਕੇ ਉਹਨਾ ਦੇ ਨੁਮਾਇੰਦਿਆਂ ਦੀ ਗਿਣਤੀ ਰਾਂਖਵੀਂ ਰੱਖੀ ਜਾਵੇ, ਜਿਵੇਂ - ਸਿੱਖ ਮਸਲਿਆਂ ਦੇ ਸੰਘਰਸ਼ ਨਾਲ ਜੁੜੇ ਹੋਏ, ਧਰਮ ਪਰਚਾਰ ਅਤੇ ਸੇਵਾ ਵਿੱਚ ਉਘਾ ਯੋਗਦਾਨ ਪਾਉਣ ਵਾਲੇ, ਗੁਰਮਤ ਸੰਗੀਤ, ਇਤਿਹਾਸਕਾਰ, ਪਛੜੇ ਸਿੱਖਾਂ (ਜਿਵੇਂ ਸਿਕਲੀਗਰ, ਵਣਜਾਰਾ, ਮਜ੍ਹਬੀ) ਦੇ ਨੁਮਾਇੰਦੇ, ਸਾਹਿਤਕਾਰ, ਪੱਤਰਕਾਰ, ਵਿਗਿਆਨੀ, ਕਿਸਾਨੀ ਅਤੇ ਵਾਤਾਵਰਨਵਾਦੀ ਕਾਰਕੁੰਨ, ਮਨੁੱਖੀ ਹੱਕਾਂ ਲਈ ਲੜਨ ਵਾਲੇ ਵਕੀਲ, ਆਦਿਕ। ਕੁੱਲ ਨੁਮਾਇੰਦਿਆਂ ਦੀ ਗਿਣਤੀ ਨਿਰਧਾਰਤ ਹੋਵੇ (ਜਿਵੇਂ- ੫੦੦ ਮੈਂਬਰ)।
ਮਾਹਰ ਤੋਂ ਭਾਵ ਨਿੱਜੀ ਪ੍ਰਾਪਤੀ ਦੇ ਅਧਾਰ ਤੇ ਨਹੀਂ ਬਲਕਿ ਨਿਰਭਉ ਨਿਰਵੈਰ ਦੇ ਗੁਣਾਂ ਨਾਲ ਸਿੱਖ ਪੰਥ ਦੀ ਚੜ੍ਹਦੀ ਕਲਾ ਅਤੇ ਮਾਨਵ ਸਭਿਅਤਾ ਨੂੰ ਦਿੱਤੇ ਯੋਗਦਾਨ ਤੇ ਹੋਵੇ।
ਪ੍ਰਸ਼ਾਸਨਿਕ ਲੋੜਾਂ ਕਾਰਨ ਸਰਬੱਤ ਖਾਲਸਾ ਦੇ ਦਫ਼ਤਰ ਚਾਹੀਦੇ ਹੋਣਗੇ, ਪਰ ਇਹ ਵੱਖ-ਵੱਖ ਦੇਸ਼ਾਂ ਵਿੱਚ ਹੋਣ। ਭਾਰਤ ਤੋਂ ਬਾਹਰ ਦੇ ਦੇਸ਼ਾਂ ਦੀ ਚੋਣ ਉਥੇ ਰਹਿੰਦੇ ਸਿੱਖਾਂ ਦੀ ਗਿਣਤੀ, ਦੇਸ਼ ਵਿੱਚ ਜਮਹੂਰੀ ਕਦਰਾਂ ਕੀਮਤਾਂ ਦੀ ਮਾਨਤਾ, ਅਤੇ ਅੰਤਰਰਾਸ਼ਟਰੀ ਭੂ-ਰਾਜਨੀਤਿਕ ਮਹੱਤਤਾ ਦੇ ਮਿਆਰਾਂ ਦਾ ਤਾਲਮੇਲ ਬੈਠਾਕੇ ਕੀਤਾ ਜਾਵੇ। ਇਸ ਨਾਲ ਸਰਬੱਤ ਖਾਲਸਾ ਦੀ ਕਾਰਜ ਪ੍ਰਣਾਲੀ ਕਿਸੇ ਇੱਕ ਦੇਸ਼ ਤੇ ਨਿਰਭਰ ਨਹੀਂ ਰਹੇਗੀ ਅਤੇ ਜਮਹੂਰੀ ਕਦਰਾਂ ਕੀਮਤਾਂ ਵਾਲੇ ਦੇਸ਼ਾਂ ਵੱਲੋਂ ਸੁਤੰਤਰ ਕਾਰਜ ਮਾਹੌਲ ਦੀ ਵੱਧ ਆਸ ਕੀਤੀ ਜਾ ਸਕਦੀ ਹੈ। ਜੇਕਰ ਸਰਕਾਰੀ ਦਖ਼ਲਅੰਦਾਜ਼ੀ ਕਾਰਨ ਕਿਸੇ ਇੱਕ ਦੇਸ਼ ਵਿੱਚ ਦਫ਼ਤਰ ਬੰਦ ਕਰਨਾ ਪਵੇ ਤਾਂ ਵੱਖ-ਵੱਖ ਦੇਸ਼ਾਂ ਵਿੱਚ ਪ੍ਰਸ਼ਾਸਨਿਕ ਦਫ਼ਤਰਾਂ ਨਾਲ ਸਰਬੱਤ ਖਾਲਸਾ ਦੀ ਜਥੇਬੰਦੀ ਉੱਤੇ ਕੋਈ ਅਸਰ ਨਹੀਂ ਪਵੇਗਾ। ਇਹ ਦੇਸ਼ ਹੋ ਸਕਦੇ ਹਨ- ਪੰਜਾਬ (ਭਾਰਤ), ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਇਟਲੀ, ਸਿੰਗਾਪੁਰ (ਜਾਂ ਮਲੇਸ਼ੀਆ)।
੩. ਪਾਰਦਰਸ਼ਤਾ:
ਸਰਬੱਤ ਖਾਲਸਾ ਜਥੇਬੰਦੀ ਦੇ ਕਾਰ-ਵਿਹਾਰ ਅਤੇ ਵਿਧੀ-ਵਿਧਾਨ ਵਿੱਚ ਪਾਰਦਰਸ਼ਤਾ ਇਸਦੀ ਨਿਰੰਤਰਤਾ ਲਈ ਸ਼ਾਹਰਗ ਹੈ। ਪਾਰਦਰਸ਼ਤਾ ਦੇ ਕਾਰਨ ਹੀ ਸਿੱਖ ਸੰਗਤ ਦਾ ਇਸ ਵਿੱਚ ਵਿਸ਼ਵਾਸ ਬੱਝੇਗਾ ਅਤੇ ਪਾਰਦਰਸ਼ਤਾ ਹੀ ਖੋਟੇ ਲੋਕਾਂ ਨੂੰ ਇਸ ਤੋਂ ਦੂਰ ਰੱਖਣ ਦਾ ਵਸੀਲਾ ਬਣੇਗੀ। ਪਾਰਦਰਸ਼ਤਾ ਦੀ ਵਚਨਬੱਧਤਾ ਤਾਂ ਹੀ ਕਾਇਮ ਰਹਿ ਸਕੇਗੀ ਜੇਕਰ ਇਸਦੇ ਨੁਮਾਇੰਦਿਆਂ ਨੂੰ ਚੁਣਨ ਦੀ ਵਿਧੀ ਹੇਠਾਂ ਤੋਂ ਉੱਪਰ ਹੋਵੇ। ਭਾਵ ਸਿੱਖ ਸੰਗਤ ਦੇ ਯੋਗਦਾਨ ਜਾਂ ਰਾਇ ਸਦਕਾ ਹੀ ਸਰਬੱਤ ਖਾਲਸਾ ਦੇ ਨੁਮਾਇੰਦੇ ਥਾਪੇ ਜਾਣ।
ਮੌਜੂਦਾ ਪ੍ਰਕਿਰਿਆ ਵਿੱਚ ਸਟੇਜ ਤੋਂ 'ਗੁਰਮਤਾ' ਪੜ੍ਹ ਦਿੱਤਾ ਜਾਂਦਾ ਹੈ ਅਤੇ ਸੰਗਤ ਨੂੰ ਹੱਥ ਖੜੇ ਕਰਕੇ ਪ੍ਰਵਾਨਗੀ ਲਈ ਕਹਿ ਦਿੱਤਾ ਜਾਂਦਾ ਹੈ। ਜਦਕਿ ਸੰਗਤ ਕੋਲ ਫੈਸਲਾ ਲੈਣ ਦੀ ਵਿਧੀ ਬਾਰੇ ਕੋਈ ਪਾਰਦਰਸ਼ਤਾ ਨਹੀਂ ਹੁੰਦੀ। ਸਰਬੱਤ ਖਾਲਸਾ ਜਾਂ ਪੰਜ ਪਿਆਰਿਆਂ ਵੱਲੋਂ ਲਏ ਫੈਸਲੇ ਜਾਂ ਪੰਥਕ-ਮਤੇ ਲਈ ਹੋਈ ਵਿਚਾਰ ਸੰਗਤ ਦੇ ਸਾਹਮਣੇ ਹੋਣੀ ਲਾਜ਼ਮੀ ਹੈ। ਇਹ ਪਾਰਦਰਸ਼ਤਾ ਮੀਟਿੰਗਾਂ ਦੀ ਵੀਡਿਓ ਰਿਕਾਰਡਿੰਗ ਜਾਂ ਮੀਟਿੰਗਾਂ ਦੀ ਕਾਰਵਾਈ ਦਾ ਵੇਰਵਾ ਸੰਗਤ ਨਾਲ ਸਾਂਝੇ ਕਰਕੇ ਕੀਤੀ ਜਾਣੀ ਚਾਹੀਦੀ ਹੈ।
ਸਲਾਨਾ ਵਿੱਤੀ ਆਡਿਟ ਵੀ ਪ੍ਰਕਿਰਿਆ ਦਾ ਹਿੱਸਾ ਹੋਵੇ।
੪. ਨਿਰੰਤਰ ਸੁਧਾਰ:
ਉਪਰ ਲਿੱਖੇ ਤਿੰਨ ਨੁਕਤਿਆਂ ਦੀ ਮਜ਼ਬੂਤੀ ਲਈ ਸਵੈ-ਪੜਚੋਲ ਅਤੇ ਨਿਰੰਤਰ ਸੁਧਾਰ ਸਰਬੱਤ ਖਾਲਸਾ ਜਥੇਬੰਦੀ ਦੇ ਵਿਧੀ-ਵਿਧਾਨ ਦਾ ਹਿੱਸਾ ਹੋਵੇ। ਨਿਰੰਤਰ ਸੁਧਾਰ ਵਾਸਤੇ ਇਹ ਜ਼ਰੂਰੀ ਹੈ ਕਿ ਨਵੇਂ ਵਿਚਾਰ ਅਤੇ ਨਵੇਂ ਹੁਨਰ ਲਈ ਥਾਂ ਬਣੀ ਰਹੇ। ਇਸ ਵਾਸਤੇ ਸਰਬੱਤ ਖਾਲਸਾ, ਕਾਰਜ ਸੰਚਾਲਨ ਕਮੇਟੀ ਅਤੇ ਪੰਜ ਪਿਆਰਿਆਂ ਦਾ ਕਾਰਜ ਸਮਾਂ ਨਿਰਧਾਰਤ ਹੋਵੇ- ਪੰਜ ਸਾਲ। ਨਿਰਧਾਰਤ ਸਮੇਂ ਬਾਅਦ, ਸਰਬੱਤ ਖ਼ਾਲਸਾ ਜਥੇਬੰਦੀ ਦੇ ਮੈਂਬਰਾਂ ਲਈ ਦੁਬਾਰਾ ਨਾਮਜ਼ਦਗੀ ਹੋਵੇ।
ਪਹਿਲਾਂ ਥਾਪੇ ਗਏ ਪੰਜ ਪਿਆਰੇ, ਦੁਬਾਰਾ ਸਰਬੱਤ ਖਾਲਸਾ ਦੇ ਨੁਮਾਇੰਦੇ ਨਹੀਂ ਥਾਪੇ ਜਾ ਸਕਦੇ ਕਿਉਂਕਿ ਪੰਜ ਪਿਆਰੇ ਖੁਦ ਪ੍ਰਵਾਨਗੀ ਅਥਾਰਟੀ ਹਨ। ਹਿੱਤਾਂ ਦੇ ਟਕਰਾਅ ਤੋਂ ਬਚਣ ਲਈ, ਉਹਨਾਂ ਨੂੰ ਦੁਬਾਰਾ ਨਾਮਜ਼ਦ ਨਹੀਂ ਕੀਤਾ ਜਾ ਸਕਦਾ।
ਸਰਬੱਤ ਖਾਲਸਾ ਜਥੇਬੰਦੀ ਦੀ ਪ੍ਰਕ੍ਰਿਆ ਵਿੱਚ ਸਵੈ-ਪੜਚੋਲ ਅਤੇ ਸੁਧਾਰ, ਇਸਦੇ ਵਿਧੀ-ਵਿਧਾਨ ਦਾ ਹਿੱਸਾ ਹੋਵੇ ਜਿਸ ਨਾਲ ਕੋਈ ਵੀ ਮਨਮਤਿ ਵਾਲ਼ੀ ਰੀਤ 'ਪਰੰਪਰਾ' ਬਣ ਕੇ ਤਰੱਕੀ ਵਿੱਚ ਰੋਕ ਨਾ ਬਣ ਜਾਵੇ।